ਸਾਬਕਾ ਸਿਹਤ ਮੰਤਰੀ ਸਿੰਗਲਾ ਦੀ ਕਲੋਜ਼ਰ ਰਿਪੋਰਟ ਮਾਮਲੇ ’ਚ ਅਦਾਲਤ ਨੇ ਰਾਖਵਾਂ ਰੱਖਿਆ ਫ਼ੈਸਲਾ

Wednesday, Nov 12, 2025 - 05:54 PM (IST)

ਸਾਬਕਾ ਸਿਹਤ ਮੰਤਰੀ ਸਿੰਗਲਾ ਦੀ ਕਲੋਜ਼ਰ ਰਿਪੋਰਟ ਮਾਮਲੇ ’ਚ ਅਦਾਲਤ ਨੇ ਰਾਖਵਾਂ ਰੱਖਿਆ ਫ਼ੈਸਲਾ

ਮੋਹਾਲੀ (ਜੱਸੀ)- ਇਕ ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ ’ਚ ਨਾਮਜ਼ਦ ਕੀਤੇ ਗਏ ਸਾਬਕਾ ਸਿਹਤ ਮੰਤਰੀ ਤੇ ਮੌਜੂਦਾ ‘ਆਪ’ ਵਿਧਾਇਕ ਵਿਜੈ ਸਿੰਗਲਾ ਦੀ ਪੁਲਸ ਵੱਲੋਂ ਅਦਾਲਤ ’ਚ ਦਾਖ਼ਲ ਕੀਤੀ ਗਈ ਕਲੋਜ਼ਰ ਰਿਪੋਰਟ ਮਾਮਲੇ ’ਚ ਇਕ ਵਿਅਕਤੀ ਵੱਲੋਂ ਪਾਈ ਗਈ ਪ੍ਰੋਟੈਸਟ ਪਟੀਸ਼ਨ ’ਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ’ਚ 27 ਨਵੰਬਰ ਲਈ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਕਿਸੇ ਪ੍ਰਾਈਵੇਟ ਵਿਅਕਤੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਸ ਕਲੋਜ਼ਰ ਰਿਪੋਰਟ ਨੂੰ ਮਨਜ਼ੂਰ ਨਾ ਕੀਤਾ ਜਾਵੇ।

ਉੱਧਰ ਅਦਾਲਤ ਦੇ ਹੁਕਮਾਂ ’ਤੇ ਫਾਰੈਂਸਿਕ ਲੈਬ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਦੀ ਕਾਪੀ ਅਦਾਲਤ ਨੂੰ ਸੌਂਪੀ ਗਈ ਹੈ। ਇਸ ਮਾਮਲੇ ’ਚ ਸ਼ਿਕਾਇਤਕਰਤਾ ਰਜਿੰਦਰ ਸਿੰਘ ਵੱਲੋਂ ਵੀ ਆਪਣੀ ਸਹਿਮਤੀ ਜਤਾਉਂਦਿਆਂ ਕਿਹਾ ਗਿਆ ਹੈ ਕਿ ਜੇ ਅਦਾਲਤ ਵੱਲੋਂ ਇਸ ਕਲੋਜ਼ਰ ਰਿਪੋਰਟ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਸੰਤ ਸੀਚੇਵਾਲ ਨੇ CM ਮਾਨ ਤੇ ਰਾਜਪਾਲ ਨੂੰ ਕੀਤੀ ਅਫ਼ਸਰਾਂ ਦੀ ਸ਼ਿਕਾਇਤ, Live ਹੋ ਕੇ ਆਖ਼'ਤੀਆਂ ਵੱਡੀਆਂ ਗੱਲਾਂ

ਇਸ ਮਾਮਲੇ ’ਚ ਨਾਮਜ਼ਦ ਡਾ. ਸਿੰਗਲਾ ਦੇ ਓ. ਐੱਸ. ਡੀ. ਪ੍ਰਦੀਪ ਕੁਮਾਰ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ ਪਰ ਕਲੋਜ਼ਰ ਰਿਪੋਰਟ ਦਾਖ਼ਲ ਕਰਨ ਤੋਂ ਬਾਅਦ ਮਾਮਲਾ ਹਾਲੇ ਵਿਚਾਰ ਅਧੀਨ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਡਾ. ਵਿਜੇ ਸਿੰਗਲਾ ਦੀ ਆਵਾਜ਼ ਦੇ ਨਮੂਨੇ ਲਏ ਗਏ ਸਨ ਪਰ ਫਾਰੈਂਸਿਕ ਲੈਬ ਦੀ ਜਾਂਚ ’ਚ ਡਾ. ਵਿਜੈ ਸਿੰਗਲਾ ਅਤੇ ਸ਼ਿਕਾਇਤਕਰਤਾ ਵੱਲੋਂ ਰਿਕਾਰਡ ਕੀਤੀ ਗਈ ਡਾ. ਸਿੰਗਲਾ ਦੀ ਅਵਾਜ਼ ਆਪਸ ’ਚ ਮੇਲ ਨਹੀਂ ਖਾਂਦੀ, ਜਿਸ ਕਾਰਨ ਪੁਲਸ ਵੱਲੋਂ ਅਦਾਲਤ ’ਚ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਗਈ ਹੈ।


author

Anmol Tagra

Content Editor

Related News