ਆਪਣੇ ਹੀ ਬੱਚੇ ਨੂੰ ਮਾਰਨ ਵਾਲੇ ਪਿਤਾ ਨੂੰ ਉਮਰ ਕੈਦ, 10 ਹਜ਼ਾਰ ਜੁਰਮਾਨਾ
Thursday, Nov 13, 2025 - 02:49 PM (IST)
ਮੋਹਾਲੀ (ਜੱਸੀ) : ਆਪਣੇ ਹੀ 5 ਮਹੀਨੇ ਦੇ ਬੱਚੇ ਸਾਰਥਕ ਦੇ ਕਤਲ ਮਾਮਲੇ ’ਚ ਪਿਤਾ ਅਭਿਸ਼ੇਕ ਸ਼ਰਮਾ ਵਾਸੀ ਦੇਹਰਾਦੂਨ ਖ਼ਿਲਾਫ਼ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਜ਼ਿਲ੍ਹਾ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਵੱਲੋਂ ਦੋਸ਼ੀ ਅਭਿਸ਼ੇਕ ਸ਼ਰਮਾ ਨੂੰ ਕਤਲ ਦੀ ਧਾਰਾ-302 ’ਚ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਾਮਲੇ ਦੀ ਪੈਰਵਾਈ ਕਰ ਰਹੇ ਐਡੀਸ਼ਨਲ ਸਰਕਾਰੀ ਵਕੀਲ ਭਰਪੂਰ ਸਿੰਘ ਨੇ ਦੱਸਿਆ ਕਿ ਬੱਚੇ ਸਾਰਥਕ ਦੀ ਮਾਂ ਨਿਕਿਤਾ ਨੇ ਥਾਣਾ ਜ਼ੀਰਕਪੁਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਵਿਆਹ ਨਵੰਬਰ 2020 ਨੂੰ ਅਭਿਸ਼ੇਕ ਵਾਸੀ ਦੇਹਰਾਦੂਨ ਨਾਲ ਹੋਇਆ ਸੀ। ਮਾਰਚ 2021 ’ਚ ਉਹ ਜ਼ੀਰਕਪੁਰ ਵਿਖੇ ਕਿਰਾਏ ਦੇ ਮਕਾਨ ’ਚ ਆ ਕੇ ਰਹਿਣ ਲੱਗ ਪਏ, ਕਿਉਂਕਿ ਉਸ ਦੇ ਪਤੀ ਦੀ ਚੰਡੀਗੜ੍ਹ ਵਿਖੇ ਨੌਕਰੀ ਲੱਗ ਗਈ ਸੀ। ਇਸੇ ਹੀ ਮਕਾਨ ’ਚ ਉਸ ਦੇ ਪੁੱਤਰ ਸਾਰਥਕ ਨੇ ਜਨਵਰੀ 2022 ਨੂੰ ਜਨਮ ਲਿਆ। ਉਸ ਦੀ ਪਤੀ ਨਾਲ ਮਾਮੂਲੀ ਤਕਰਾਰ ਹੁੰਦੀ ਰਹਿੰਦੀ ਸੀ।
ਉਸ ਦੇ ਪਤੀ ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੁੰਦੀ ਸੀ, ਜਿਸ ਕਰਕੇ 11 ਜੂਨ 2022 ਨੂੰ ਉਹ ਸਹੁਰੇ ਘਰ ਗਏ, ਜਿੱਥੇ ਉਨ੍ਹਾਂ ਦੀ ਸਹੁਰਾ ਪਰਿਵਾਰ ਨਾਲ ਤਕਰਾਰਬਾਜ਼ੀ ਹੋ ਗਈ ਅਤੇ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ। ਉਹ ਪਤੀ ਨਾਲ ਵਾਪਸ ਜ਼ੀਰਕਪੁਰ ਆ ਗਈ ਤਾਂ ਉਸ ਦੇ ਪਤੀ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਉਸ ਨੂੰ ਕਮਰੇ ’ਚੋ ਬਾਹਰ ਕੱਢ ਕੇ ਅੰਦਰੋਂ ਕੁੰਡੀ ਲਾ ਲਈ ਤੇ ਉਸ ਦਾ ਪੁੱਤਰ ਵੀ ਆਪਣੇ ਕੋਲ ਰੱਖ ਲਿਆ। ਉਹ ਆਪਣੀ ਭੈਣ ਦੇ ਘਰ ਢਕੌਲੀ ਚੱਲੀ ਗਈ ਅਤੇ ਆਪਣੇ ਪਿਤਾ ਨੂੰ ਫੋਨ ਕਰਕੇ ਉਕਤ ਸਾਰੀ ਗੱਲ ਦੱਸੀ। 13 ਜੂਨ 2022 ਨੂੰ ਉਹ ਆਪਣੇ ਮਾਤਾ-ਪਿਤਾ ਨਾਲ ਆਪਣੇ ਘਰ ਜ਼ੀਰਕਪੁਰ ਵਿਖੇ ਆਈ ਤਾਂ ਦੇਖਿਆ ਕਿ ਉਸ ਦਾ ਬੱਚਾ ਬੇਸੁੱਧ ਪਿਆ ਸੀ, ਜਿਸ ਦਾ ਸੱਜਾ ਹੱਥ, ਸੱਜਾ ਕੰਨ, ਸੱਜੀ ਲੱਤ ਅਤੇ ਬੁੱਲ ਨੀਲੇ ਹੋਏ ਪਏ ਸਨ। ਉਸ ਨੇ ਆਪਣੇ ਪਤੀ ਨੂੰ ਬੱਚੇ ਦੀ ਇਸ ਹਾਲਤ ਬਾਰੇ ਪੁੱਛਿਆਂ ਤਾਂ ਉਸ ਨੇ ਅੱਗੋਂ ਜਵਾਬ ਦਿੱਤਾ ਕਿ ਕੱਲ ਹੀ ਉਸ ਨੇ ਬੱਚੇ ਦੇ ਮੂੰਹ ’ਤੇ ਹੱਥ ਰੱਖ ਕੇ ਸਾਹ ਰੋਕ ਕੇ ਉਸ ਨੂੰ ਮਾਰ ਦਿੱਤਾ ਸੀ। ਪੁਲਸ ਨੇ ਅਭਿਸ਼ੇਕ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਜਦੋਂ ਅਭਿਸ਼ੇਕ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਆਪਣੀ ਬਾਂਹ ’ਤੇ ਬਲੇਡ ਮਾਰ ਕੇ ਆਪਣੇ-ਆਪ ਨੂੰ ਜ਼ਖ਼ਮੀ ਕੀਤਾ ਹੋਇਆ ਸੀ।
