ਕਰੁਣਾਲ ਪੰਡਯਾ ਨੇ ਡੈਬਿਊ ਵਨ-ਡੇ ’ਚ ਤੂਫ਼ਾਨੀ ਪਾਰੀ ਖੇਡ ਰਚਿਆ ਇਤਿਹਾਸ, ਬਣਾਇਆ ਇਹ ਰਿਕਾਰਡ
Tuesday, Mar 23, 2021 - 07:28 PM (IST)
ਨਵੀਂ ਦਿੱਲੀ— ਕਰੁਣਾਲ ਪੰਡਯਾ ਨੇ ਆਪਣੇ ਡੈਬਿਊ ਵਨ-ਡੇ ’ਚ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਨੇ 26 ਗੇਂਦ ’ਤੇ ਅਰਧ ਸੈਂਕੜਾ ਪੂਰਾ ਕੀਤਾ। ਇਹ ਬਤੌਰ ਭਾਰਤੀ ਬੱਲੇਬਾਜ਼ ਡੈਬਿਊ ਮੈਚ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਕਰੁਣਾਲ ਦੀ ਪਾਰੀ ਦੇ ਦਮ ’ਤੇ ਟੀਮ ਇੰਡੀਆ ਨੇ ਪਹਿਲੇ ਵਨ-ਡੇ (ਭਾਰਤ ਬਨਾਮ ਇੰਗਲੈਂਡ) ’ਚ 5 ਵਿਕਟਾਂ ’ਤੇ 317 ਦੌੜਾਂ ਦਾ ਸਕੋਰ ਖੜ੍ਹਾ ਕਰ ਦਿੱਤਾ। ਕੇ. ਐੱਲ. ਰਾਹੁਲ ਤੇ ਸ਼ਿਖਰ ਧਵਨ ਨੇ ਵੀ ਸ਼ਾਨਦਾਰ ਪਾਰੀ ਖੇਡੀ।
ਇਹ ਵੀ ਪੜ੍ਹੋ : ਧਵਨ 98 ਦੌੜਾਂ ’ਤੇ ਹੋਏ ਆਊਟ, ਇਹ ਖਿਡਾਰੀ ਹਨ ਸਭ ਤੋਂ ਵੱਧ ਨਰਵਸ 90s ਦਾ ਸ਼ਿਕਾਰ
ਕਰੁਣਾਲ ਪੰਡਯਾ ਜਦੋਂ ਬੱਲੇਬਾਜ਼ੀ ਕਰਨ ਉਤਰੇ ਉਦੋਂ ਟੀਮ ਦਾ ਸਕੋਰ 5 ਵਿਕਟਾਂ ’ਤੇ 205 ਦੌੜਾਂ ਸੀ ਤੇ 57 ਗੇਂਦਾਂ ਬਾਕੀ ਸਨ। ਇਸ ਤੋਂ ਬਾਅਦ ਕਰੁਣਾਲ ਪੰਡਯਾ ਨੇ (58*) ਤੇ ਲੋਕੇਸ਼ ਰਾਹੁਲ (62*) ਨੇ ਸ਼ਾਨਦਾਰ ਪਾਰੀ ਖੇਡ ਸਕੋਰ 300 ਦੌੜਾਂ ਦੇ ਪਾਰ ਪਹੁੰਚਾਇਆ। ਪੰਡਯਾ ਨੇ ਪਾਰੀ ’ਚ 31 ਗੇਂਦ ਦਾ ਸਾਹਮਣਾ ਕੀਤਾ ਤੇ 7 ਚੌਕੇ ਤੇ 2 ਛੱਕੇ ਲਾਏ ਜਦਕਿ ਰਾਹੁਲ ਨੇ 43 ਗੇਂਦ ਦਾ ਸਾਹਮਣਾ ਕੀਤਾ ਤੇ 4 ਚੌਕੇ ਤੇ 4 ਛੱਕੇ ਲਾਏ। ਦੋਹਾਂ ਨੇ 9.3 ਓਵਰ ’ਚ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਸ਼ਿਖਰ ਧਵਨ ਨੇ 98 ਤੇ ਕਪਤਾਨ ਵਿਰਾਟ ਕੋਹਲੀ ਨੇ 56 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਕਪਿਲ ਦੇਵ ਵੱਲੋਂ ਮਨਜਿੰਦਰ ਸਿਰਸਾ ਨਾਲ ਮੁਲਾਕਾਤ, ਮਨੁੱਖਤਾਵਾਦੀ ਕੰਮਾਂ ਲਈ DSGMC ਦੀ ਕੀਤੀ ਤਾਰੀਫ਼
ਡੈਬਿਊ ਮੈਚ ’ਚ ਅਰਧ ਸੈਂਕੜਾ ਲਗਾਉਣ ਵਾਲੇ 15ਵੇਂ ਭਾਰਤੀ ਬੱਲੇਬਾਜ਼ ਬਣੇ
ਕਰੁਣਾਲ ਪੰਡਯਾ ਡੈਬਿਊ ਵਨ-ਡੇ ’ਚ ਅਰਧ ਸੈਂਕੜਾ ਲਾਉਣ ਵਾਲੇ 15ਵੇਂ ਭਾਰਤੀ ਬੱਲੇਬਾਜ਼ ਬਣੇ। ਜੂਨ 2016 ਦੇ ਬਾਅਦ ਕਿਸੇ ਬੱਲੇਬਾਜ਼ ਨੇ ਅਜਿਹਾ ਕੀਤਾ ਹੈ। ਆਖ਼ਰੀ ਵਾਰ 15 ਜੂਨ 2016 ਨੂੰ ਫ਼ੈਜ਼ ਫ਼ਜ਼ਲ ਨੇ ਜ਼ਿੰਬਾਬਵੇ ਖ਼ਿਲਾਫ਼ ਹਰਾਰੇ ’ਚ ਅਜੇਤੂ 55 ਦੌੜਾਂ ਦੀ ਪਾਰੀ ਖੇਡੀ ਸੀ। ਡੈਬਿਊ ਮੈਚ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਕੇ. ਐੱਲ. ਰਾਹੁਲ ਦੇ ਨਾਂ ਹੈ। ਉਨ੍ਹਾਂ ਨੇ 2016 ’ਚ ਜ਼ਿੰਬਾਬਵੇ ਖ਼ਿਲਾਫ਼ ਅਜੇਤੂ 100 ਦੌੜਾਂ ਬਣਾਈਆਂ ਸਨ। ਉਹ ਡੈਬਿਊ ਮੈਚ ’ਚ ਸੈਂਕੜਾ ਲਾਉਣ ਵਾਲੇ ਇਕਲੌਤੇ ਭਾਰਤੀ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।