ਪੰਜਾਬ 'ਚ ਪਵੇਗੀ ਭਿਆਨਕ ਗਰਮੀ! ਟੁੱਟਿਆ 14 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕੀਤਾ ALERT
Sunday, Mar 01, 2026 - 09:57 AM (IST)
ਚੰਡੀਗੜ੍ਹ (ਅਧੀਰ ਰੋਹਾਲ) : ਪੰਜਾਬ ਅਤੇ ਚੰਡੀਗੜ੍ਹ 'ਚ ਇਸ ਵਾਰ ਦੀ ਫਰਵਰੀ ਦਾ ਮਹੀਨਾ ਪਿਛਲੇ 15 ਸਾਲਾਂ ਦਾ ਦੂਜਾ ਅਜਿਹਾ ਮਹੀਨਾ ਬੀਤਿਆ ਹੈ, ਜਿਸ ’ਚ ਸਭ ਤੋਂ ਘੱਟ ਬਾਰਸ਼ ਹੋਈ ਹੈ। 2023 ਦੇ ਬਾਅਦ ਖ਼ਤਮ ਹੋਏ ਫਰਵਰੀ ਦੇ ਮਹੀਨੇ ’ਚ ਆਮ ਨਾਲੋਂ 95 ਫ਼ੀਸਦੀ ਘੱਟ ਸਿਰਫ਼ 1.7 ਮਿਲੀਮੀਟਰ ਬਾਰਸ਼ ਹੋਈ। ਇਸ ਦੌਰਾਨ ਮਹੀਨੇ ਦੇ ਆਖ਼ਰੀ ਦਿਨ ਸ਼ਨੀਵਾਰ ਨੂੰ ਇਸ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਦਰਜ ਹੋਇਆ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29.3 ਦਰਜ ਹੋਇਆ, ਜੋ ਪਿਛਲੇ 14 ਸਾਲਾਂ ’ਚ ਫਰਵਰੀ ਦੇ ਮਹੀਨੇ ਦਾ ਚੌਥਾ ਸਭ ਤੋਂ ਗਰਮ ਦਿਨ ਸੀ। ਮੌਸਮ ਦੇ ਇਸ ਗਰਮ ਹੁੰਦੇ ਮਿਜਾਜ਼ ਵਿਚਕਾਰ ਐਤਵਾਰ ਤੋਂ ਸ਼ੁਰੂ ਹੋ ਰਹੇ ਮਾਰਚ ਦੇ ਮਹੀਨੇ ’ਚ ਹੀ ਅਪ੍ਰੈਲ ਵਰਗੀ ਗਰਮੀ ਦਾ ਸਾਹਮਣਾ ਕਰਨ ਦੇ ਅਲਰਟ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਸ਼ਨੀਵਾਰ ਸ਼ਾਮ ਤੱਕ ਚੰਡੀਗੜ੍ਹ ਮੌਸਮ ਵਿਭਾਗ ਨੇ ਫਰਵਰੀ ਦੇ ਗਰਮ ਮਿਜਾਜ਼ ਦਾ ਬੁਲੇਟਿਨ ਜਾਰੀ ਕੀਤਾ ਹੀ ਸੀ ਕਿ ਦੇਰ ਸ਼ਾਮ ਮੌਸਮ ਵਿਭਾਗ ਦਿੱਲੀ ਅਤੇ ਮੌਸਮ ’ਤੇ ਨਜ਼ਰ ਰੱਖਣ ਵਾਲੀਆਂ ਹੋਰ ਅੰਤਰਰਾਸ਼ਟਰੀ ਏਜੰਸੀਆਂ ਨੇ ਪਿਛਲੇ ਕਈ ਸਾਲਾਂ ਤੋਂ ਵੀ ਜ਼ਿਆਦਾ ਗਰਮੀ ਪੈਣ ਦੀ ਚਿਤਾਵਨੀ ਜਾਰੀ ਕਰ ਦਿੱਤੀ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ
ਇਸ ਲਈ ਜਲਦੀ ਆ ਕੇ ਭਿਆਨਕ ਹੋ ਸਕਦੀ ਹੈ ਗਰਮੀ
ਮੈਦਾਨਾਂ ’ਚ ਹੀ ਨਹੀਂ, ਇਸ ਵਾਰ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ’ਚ ਵੀ ਠੰਡ ਬੇਹੱਦ ਹਲਕੀ ਪਈ ਹੈ। ਸਰਦੀਆਂ ’ਚ ਪਹਾੜਾਂ ’ਤੇ ਬਰਫ਼ ਅਤੇ ਮੈਦਾਨਾਂ ’ਚ ਬਾਰਸ਼ ਕਾਰਨ ਬਣਨ ਵਾਲੀ ਪੱਛਮੀ ਗੜਬੜੀ ਦੇ ਸਪੈੱਲ ਆਏ, ਪਰ ਬੇਹੱਦ ਕਮਜ਼ੋਰ ਹੋਣ ਕਾਰਨ ਬਰਫ਼ਬਾਰੀ ਅਤੇ ਬਾਰਸ਼ ਆਮ ਨਾਲੋਂ ਬਹੁਤ ਘੱਟ ਹੋਈ। ਡਬਲਿਊ. ਡੀ. ਦੇ ਕਮਜ਼ੋਰ ਸਪੈੱਲ ਦੇ ਕਾਰਨ ਫਰਵਰੀ ’ਚ ਤਾਂ ਪਹਾੜਾਂ ’ਤੇ ਇਸ ਵਾਰ ਆਮ ਨਾਲੋਂ 50 ਫ਼ੀਸਦੀ ਤੱਕ ਘੱਟ ਬਰਫ਼ਬਾਰੀ ਅਤੇ ਬਾਰਸ਼ ਹੋਈ। ਚੰਡੀਗੜ੍ਹ ਸਮੇਤ ਉੱਤਰੀ ਭਾਰਤ ’ਚ ਸਰਦੀ ਬਹੁਤ ਥੋੜ੍ਹੇ ਸਮੇਂ ਲਈ ਰਹੀ। ਜਨਵਰੀ ’ਚ ਤਾਪਮਾਨ ਘੱਟ ਰਿਹਾ ਪਰ ਫਰਵਰੀ ’ਚ ਮੈਦਾਨੀ ਇਲਾਕਿਆਂ ’ਚ ਤਾਪਮਾਨ ਵਧਿਆ। ਤਾਪਮਾਨ ਇਸ ਲਈ ਵੀ ਵਧਿਆ, ਕਿਉਂਕਿ ਪਹਾੜਾਂ ’ਚ ਬਹੁਤ ਘੱਟ ਬਰਫ਼ਬਾਰੀ ਹੋਣ ਕਾਰਨ ਉੱਤਰ ਵੱਲੋਂ ਆਉਣ ਵਾਲੀਆਂ ਬਰਫ਼ੀਲੀਆਂ ਹਵਾਵਾਂ ਮੈਦਾਨੀ ਇਲਾਕਿਆਂ ’ਚ ਆਉਣ ਤੋਂ ਰੁੱਕ ਗਈਆਂ ਅਤੇ ਤਾਪਮਾਨ ਵੱਧਦਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਵਿੱਤੀ ਤੇ ਸੁਰੱਖਿਆ ਸੰਕਟ 'ਤੇ ਕਾਂਗਰਸ ਨੇ ਰਾਜਪਾਲ ਤੋਂ ਮੰਗੀ ਸੰਵਿਧਾਨਕ ਦਖਲ-ਅੰਦਾਜ਼ੀ
ਹੁਣ ਹੋਲੀ ਦੇ ਬਾਅਦ ਵੱਧਦਾ ਜਾਵੇਗਾ ਤਾਪਮਾਨ
ਮੌਸਮ ਮਾਹਿਰਾਂ ਦੀ ਮੰਨੀਏ ਤਾਂ 4 ਮਾਰਚ ਨੂੰ ਹੋਲੀ ਦੇ ਬਾਅਦ ਤਾਪਮਾਨ ’ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ’ਚ ਵੱਧਦੇ ਤਾਪਮਾਨ ਦੇ ਰੁਕਣ ਦੀ ਸੰਭਾਵਨਾ ਹੁਣ ਨਹੀਂ ਹੈ ਕਿਉਂਕਿ ਮਾਰਚ ’ਚ ਪੱਛਮੀ ਗੜਬੜੀ ਦੇ ਵੀ ਫਿਲਹਾਲ ਕੋਈ ਸਪੈੱਲ ਆਉਂਦੇ ਨਜ਼ਰ ਨਹੀਂ ਆ ਰਹੇ ਹਨ। ਇਸ ਵਿਚਕਾਰ ਇੱਕ ਵਾਰ ਤਾਪਮਾਨ ਵਧਣ ਤੋਂ ਬਾਅਦ ਜੇਕਰ ਡਬਲਿਊ. ਡੀ. ਆਉਣ ਕਾਰਨ ਬਾਰਸ਼ ਹੋਈ ਵੀ ਤਾਂ ਵੱਧ ਚੁੱਕੇ ਤਾਪਮਾਨ ਨੂੰ ਰੋਕ ਨਹੀਂ ਸਕੇਗੀ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਰਾਜਸਥਾਨ ਹੋ ਕੇ ਪੰਜਾਬ ਅਤੇ ਚੰਡੀਗੜ੍ਹ ਆਉਣ ਵਾਲੀਆਂ ਹਵਾਵਾਂ ਦੇ ਲਗਾਤਾਰ ਗਰਮ ਹੁੰਦੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ। ਗਰਮ ਹਵਾਵਾਂ ਕਾਰਨ ਹੌਲੀ-ਹੌਲੀ ਹੋਣ ਵਾਲਾ ਵਾਧਾ ਤਾਪਮਾਨ ਨੂੰ ਆਮ ਨਾਲੋਂ 2 ਤੋਂ 4 ਡਿਗਰੀ ਵੱਧ ਵਧਾ ਦੇਵੇਗਾ। ਰਾਜਸਥਾਨ ’ਚ ਦਿਨ ਗਰਮ ਹੋਣ ਨਾਲ ਇਹ ਹਵਾਵਾਂ ਹੋਰ ਗਰਮ ਹੋ ਕੇ ਟ੍ਰਾਈਸਿਟੀ 'ਚ ਪਹੁੰਚਣਗੀਆਂ ਤਾਂ ਗਰਮੀ ਹੋਰ ਵਧੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
