ਮੁੰਡਿਆਂ ਨੇ ਜੇਬ ''ਚੋਂ ਕੱਢ ਕੇ ਤਾਣ''ਤੀ ਪਿਸਟਲ! ਪੁਲਸ ਕਹਿੰਦੀ ''ਇਹ ਲਾਈਟਰ ਐ''

Thursday, Mar 05, 2026 - 05:58 PM (IST)

ਮੁੰਡਿਆਂ ਨੇ ਜੇਬ ''ਚੋਂ ਕੱਢ ਕੇ ਤਾਣ''ਤੀ ਪਿਸਟਲ! ਪੁਲਸ ਕਹਿੰਦੀ ''ਇਹ ਲਾਈਟਰ ਐ''

ਲੁਧਿਆਣਾ (ਰਾਜ): ਮਹਾਨਗਰ ਦੀ ਮੁੰਡੀਆਂ ਚੌਕੀ ਦੇ ਅਧੀਨ ਆਉਂਦੇ ਨਿਊ ਸੁੰਦਰ ਨਗਰ ਇਲਾਕੇ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਢਾਬੇ 'ਤੇ ਚਾਹ ਪੀਣ ਆਏ ਕੁਝ ਨੌਜਵਾਨਾਂ ਨੇ ਸਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਬਾਈਕ ਨੂੰ ਟੱਕਰ ਮਾਰਨ ਤੋਂ ਸ਼ੁਰੂ ਹੋਇਆ ਮਾਮੂਲੀ ਵਿਵਾਦ ਇੰਨਾ ਵਧ ਗਿਆ ਕਿ ਇੱਕ ਨੌਜਵਾਨ ਨੇ ਜੇਬ ਵਿਚੋਂ ਪਿਸਤੌਲ ਕੱਢ ਲਈ ਅਤੇ ਲੋਕਾਂ 'ਤੇ ਤਾਣ ਦਿੱਤੀ। ਇਸ ਖੌਫ਼ਨਾਕ ਮੰਜ਼ਰ ਨੂੰ ਦੇਖ ਕੇ ਆਸ-ਪਾਸ ਮੌਜੂਦ ਲੋਕਾਂ ਦੇ ਪਸੀਨੇ ਛੁੱਟ ਗਏ ਅਤੇ ਪੂਰੇ ਇਲਾਕੇ ਵਿਚ ਹੜਕੰਪ ਮਚ ਗਿਆ। ਇਹ ਸਾਰੀ ਵਾਰਦਾਤ ਢਾਬੇ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਪੀੜਤ ਗੁਲਫਾਮ ਨੇ ਦੱਸਿਆ ਕਿ ਉਹ ਢਾਬੇ 'ਤੇ ਚਾਹ ਪੀਣ ਲਈ ਰੁਕਿਆ ਸੀ। ਇਸੇ ਦੌਰਾਨ ਇਕ ਕਾਰ ਵਿਚ ਸਵਾਰ ਹੋ ਕੇ ਕਰੀਬ 7-8 ਨੌਜਵਾਨ ਉੱਥੇ ਪਹੁੰਚੇ। ਮੁਲਜ਼ਮਾਂ ਨੇ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਗੁਲਫਾਮ ਦੀ ਖੜ੍ਹੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਬਾਈਕ ਹੇਠਾਂ ਡਿੱਗ ਗਈ ਅਤੇ ਉਸ ਦਾ ਇੰਡੀਕੇਟਰ ਟੁੱਟ ਗਿਆ। ਜਦੋਂ ਗੁਲਫਾਮ ਨੇ ਆਪਣੇ ਨੁਕਸਾਨ ਦਾ ਹਰਜਾਨਾ ਮੰਗਿਆ ਅਤੇ ਵਿਰੋਧ ਜਤਾਇਆ, ਤਾਂ ਕਾਰ ਸਵਾਰ ਨੌਜਵਾਨ ਆਪਾ ਖੋ ਬੈਠੇ। ਉਨ੍ਹਾਂ ਨੇ ਨਾ ਸਿਰਫ਼ ਗਾਲੀ-ਗਲੋਚ ਸ਼ੁਰੂ ਕਰ ਦਿੱਤੀ, ਸਗੋਂ ਕੁੱਟਮਾਰ 'ਤੇ ਉਤਾਰੂ ਹੋ ਗਏ। ਦੇਖਦੇ ਹੀ ਦੇਖਦੇ ਵਿਵਾਦ ਇੰਨਾ ਗਰਮਾ ਗਿਆ ਕਿ ਇਕ ਨੌਜਵਾਨ ਨੇ ਸਰੇਆਮ ਪਿਸਤੌਲ ਲਹਿਰਾ ਕੇ ਡਰਾਉਣਾ ਸ਼ੁਰੂ ਕਰ ਦਿੱਤਾ।

ਢਾਬੇ ਦੀ ਮਾਲਕਣ ਨੇਹਾ ਮੁਤਾਬਕ, ਦੁਪਹਿਰ ਦੇ ਸਮੇਂ ਇਹ ਨੌਜਵਾਨ ਚਾਹ ਪੀਣ ਆਏ ਸਨ ਅਤੇ ਉਨ੍ਹਾਂ ਦੀਆਂ ਹਰਕਤਾਂ ਤੋਂ ਸਾਫ਼ ਲੱਗ ਰਿਹਾ ਸੀ ਕਿ ਉਹ ਨਸ਼ੇ ਦੀ ਹਾਲਤ ਵਿਚ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਨੌਜਵਾਨਾਂ ਨੂੰ ਰੌਲ਼ਾ ਪਾਉਣ ਤੋਂ ਟੋਕਿਆ ਅਤੇ ਫਾਲਤੂ ਭੀੜ ਨੂੰ ਬਾਹਰ ਜਾਣ ਨੂੰ ਕਿਹਾ, ਤਾਂ ਬਾਹਰ ਨਿਕਲਦੇ ਸਮੇਂ ਉਨ੍ਹਾਂ ਦੀ ਕਾਰ ਬਾਈਕ ਨਾਲ ਟਕਰਾ ਗਈ। ਇਸ ਤੋਂ ਬਾਅਦ ਜੋ ਹੋਇਆ ਉਸ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ। ਢਾਬਾ ਮਾਲਕਣ ਨੇ ਸਾਫ਼ ਕੀਤਾ ਕਿ ਉਨ੍ਹਾਂ ਦਾ ਇਸ ਝਗੜੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਵਿਵਾਦ ਬਾਹਰ ਖੜ੍ਹੇ ਨੌਜਵਾਨਾਂ ਅਤੇ ਬਾਈਕ ਮਾਲਕ ਵਿਚਕਾਰ ਹੋਇਆ ਸੀ।

ਅਸਲੀ ਹਥਿਆਰ ਜਾਂ ਖਿਡੌਣਾ? ਪੁਲਸ ਦੀ ਥਿਊਰੀ 'ਤੇ ਉੱਠੇ ਸਵਾਲ

ਮਾਮਲੇ ਦੀ ਸੂਚਨਾ ਮਿਲਦੇ ਹੀ ਮੁੰਡੀਆਂ ਚੌਕੀ ਇੰਚਾਰਜ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਹਾਲਾਂਕਿ, ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਤੌਰ 'ਤੇ ਪਿਸਤੌਲ ਵਰਗਾ ਹਥਿਆਰ ਦਿਖਾਈ ਦੇ ਰਿਹਾ ਹੈ, ਪਰ ਪੁਲਸ ਦਾ ਦਾਅਵਾ ਕੁਝ ਹੋਰ ਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਹਥਿਆਰ ਨੌਜਵਾਨ ਲਹਿਰਾ ਰਿਹਾ ਸੀ, ਉਹ ਅਸਲੀ ਪਿਸਤੌਲ ਨਹੀਂ ਸਗੋਂ ਪਿਸਤੌਲ ਦੀ ਸ਼ਕਲ ਵਾਲਾ ਲਾਈਟਰ ਸੀ। ਪੁਲਸ ਦੇ ਇਸ ਦਾਅਵੇ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਫਿਲਹਾਲ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News