ਪੰਜਾਬ ਦੀ ਆਬੋ-ਹਵਾ ’ਚ ਘੁਲਿਆ ਜ਼ਹਿਰ : ਵੱਧ ਪੈਦਾਵਾਰ ਦੇ ਲਾਲਚ ਨੇ ਪੰਜਾਬ ਬਣਾਇਆ ਬੀਮਾਰੀਆਂ ਦਾ ਗੜ੍ਹ

Sunday, Mar 01, 2026 - 12:19 PM (IST)

ਪੰਜਾਬ ਦੀ ਆਬੋ-ਹਵਾ ’ਚ ਘੁਲਿਆ ਜ਼ਹਿਰ : ਵੱਧ ਪੈਦਾਵਾਰ ਦੇ ਲਾਲਚ ਨੇ ਪੰਜਾਬ ਬਣਾਇਆ ਬੀਮਾਰੀਆਂ ਦਾ ਗੜ੍ਹ

ਗੁਰਦਾਸਪੁਰ (ਵਿਨੋਦ)- ਕੋਈ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਨੂੰ ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਸਰਜ਼ਮੀਨ ਮੰਨਿਆ ਜਾਂਦਾ ਸੀ। ਇੱਥੋਂ ਦਾ ਪਾਣੀ ਅੰਮ੍ਰਿਤ ਵਰਗਾ ਸੀ, ਹਵਾ ਸ਼ੁੱਧ ਸੀ ਅਤੇ ਮਿੱਟੀ ਸੋਨਾ ਉਗਲਦੀ ਸੀ। ਲੋਕ ਕੁਦਰਤ ਦੀ ਪੂਜਾ ਕਰਦੇ ਸਨ ਅਤੇ ਪੂਰਾ ਸੂਬਾ ਹਰਿਆਵਲ ਨਾਲ ਲੱਦਿਆ ਹੋਇਆ ਸੀ ਪਰ ਅਫ਼ਸੋਸ ਅੱਜ ਪੰਜਾਬ ਦਾ ਕੋਈ ਵੀ ਘਰ ਅਜਿਹਾ ਨਹੀਂ ਬਚਿਆ, ਜਿੱਥੇ ਕਿਸੇ ਨਾ ਕਿਸੇ ਭਿਆਨਕ ਬੀਮਾਰੀ ਨੇ ਦਸਤਕ ਨਾ ਦਿੱਤੀ ਹੋਵੇ। ਵੱਧ ਪੈਦਾਵਾਰ ਦੇ ਅੰਨ੍ਹੇ ਲਾਲਚ ’ਚ ਅਸੀਂ ਆਪਣੀ ਕੁਦਰਤੀ ਵਿਰਾਸਤ ਨੂੰ ਜ਼ਹਿਰ ’ਚ ਤਬਦੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਫਸਲਾਂ ’ਤੇ ਖ਼ਤਰਨਾਕ ਰਸਾਇਣਾਂ ਦਾ ਕੀਤਾ ਜਾ ਰਿਹਾ ਛਿੜਕਾਅ

ਪੰਜਾਬ ਦੇ ਕਿਸਾਨਾਂ ਅਤੇ ਸਬਜ਼ੀ ਕਾਸ਼ਤਕਾਰਾਂ ਵੱਲੋਂ ਖੇਤਾਂ ’ਚ ਵੱਧ ਝਾੜ ਪ੍ਰਾਪਤ ਕਰਨ ਲਈ ਰਸਾਇਣਕ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਬੜੀ ਜ਼ੋਰਾਂ ’ਤੇ ਕੀਤੀ ਜਾ ਰਹੀ ਹੈ। ਫ਼ਸਲਾਂ ਦੇ ਨਾਲ-ਨਾਲ ਰੋਜ਼ਾਨਾ ਵਰਤੋਂ ਵਾਲੀਆਂ ਹਰੀਆਂ ਸਬਜ਼ੀਆਂ ਅਤੇ ਫਲਾਂ ’ਤੇ ਵੀ ਇਨ੍ਹਾਂ ਖ਼ਤਰਨਾਕ ਰਸਾਇਣਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਪੰਜਾਬ ’ਚ ਦੇਸ਼ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਸਭ ਤੋਂ ਵੱਧ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦਾ ਇਸਤੇਮਾਲ ਹੁੰਦਾ ਹੈ। ਇਹ ਜ਼ਹਿਰ ਨਾ ਸਿਰਫ਼ ਸਾਡੀ ਖ਼ੁਰਾਕ ਦਾ ਹਿੱਸਾ ਬਣ ਰਿਹਾ ਹੈ, ਸਗੋਂ ਮੀਂਹ ਦੇ ਪਾਣੀ ਰਾਹੀਂ ਰਿਸ ਕੇ ਧਰਤੀ ਹੇਠਲੇ ਪਾਣੀ ਨੂੰ ਵੀ ਪਲੀਤ ਕਰ ਰਿਹਾ ਹੈ, ਜਿਸ ਨੂੰ ਅਸੀਂ ਪੀਣ ਲਈ ਵਰਤਦੇ ਹਾਂ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਤੋਂ 4 ਦਿਨਾਂ ਲਈ ਮਸ਼ਹੂਰ ਮਾਰਕੀਟ ਰਹੇਗੀ ਬੰਦ ! ਜਾਣੋ ਕਿਉਂ ਲਿਆ ਗਿਆ ਫੈਸਲਾ

ਬੀਮਾਰੀਆਂ ਦੀ ਗ੍ਰਿਫ਼ਤ ’ਚ ਪੰਜਾਬ

ਇਸ ਜ਼ਹਿਰੀਲੇ ਚੱਕਰ ਕਾਰਨ ਪੰਜਾਬ ਅੱਜ ਬੀਮਾਰੀਆਂ ਦਾ ਗੜ੍ਹ ਬਣ ਚੁੱਕਾ ਹੈ। ਹਰ ਸਾਲ ਹਜ਼ਾਰਾਂ ਲੋਕ ਕੈਂਸਰ, ਕਾਲਾ ਪੀਲੀਆ, ਦਿਲ ਦੇ ਰੋਗ, ਅਧਰੰਗ, ਸਰਵਾਈਕਲ ਅਤੇ ਸਾਹ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਛੋਟੇ ਬੱਚਿਆਂ ’ਚ ਜਨਮਜਾਤ ਨੁਕਸ ਅਤੇ ਚਮੜੀ ਦੇ ਰੋਗ ਵਧ ਰਹੇ ਹਨ। ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਕੈਂਸਰ ਨੇ ਮਹਾਮਾਰੀ ਦਾ ਰੂਪ ਧਾਰ ਲਿਆ ਹੈ। ਇਹ ਸਭ ਕੁਝ ਸਾਡੀ ਆਪਣੀ ਹੀ ਗਲਤੀ ਦਾ ਨਤੀਜਾ ਹੈ ਕਿਉਂਕਿ ਅਸੀਂ ਕੁਦਰਤੀ ਖੇਤੀ ਦੇ ਸਿਧਾਂਤਾਂ ਨੂੰ ਛੱਡ ਕੇ ਰਸਾਇਣਕ ਖੇਤੀ ਦੇ ਗੁਲਾਮ ਬਣ ਗਏ ਹਾਂ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸਿਹਤ ਸਹੂਲਤਾਂ ਦਾ ਨਿਘਾਰ

ਇਕ ਪਾਸੇ ਜਿੱਥੇ ਬੀਮਾਰੀਆਂ ਪ੍ਰਤੀਦਿਨ ਵਧ ਰਹੀਆਂ ਹਨ, ਉਥੇ ਹੀ ਸਰਕਾਰੀ ਸਿਹਤ ਸਹੂਲਤਾਂ ਦਾ ਹਾਲ ਬਹੁਤ ਹੀ ਮਾੜਾ ਹੈ। ਸਰਕਾਰਾਂ ਭਾਵੇਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਹਕੀਕਤ ’ਚ ਸਿਵਲ ਹਸਪਤਾਲਾਂ ਵਿਚ ਨਾ ਤਾਂ ਮਾਹਿਰ ਡਾਕਟਰ ਪੂਰੇ ਹਨ ਅਤੇ ਨਾ ਹੀ ਜ਼ਰੂਰੀ ਦਵਾਈਆਂ। ਗਰੀਬ ਅਤੇ ਲੋੜਵੰਦ ਮਰੀਜ਼ ਨਿੱਜੀ ਹਸਪਤਾਲਾਂ ਦੇ ਮਹਿੰਗੇ ਖ਼ਰਚੇ ਝੱਲਣ ਦੇ ਅਸਮਰੱਥ ਹਨ, ਜਿਸ ਕਾਰਨ ਮਾਮੂਲੀ ਬੀਮਾਰੀਆਂ ਵੀ ਜਾਨਲੇਵਾ ਬਣ ਰਹੀਆਂ ਹਨ। ਇਲਾਜ ਦੀ ਘਾਟ ਕਾਰਨ ਕਈ ਪਰਿਵਾਰ ਆਪਣੇ ਕਮਾਊ ਜੀਅ ਗੁਆ ਚੁੱਕੇ ਹਨ ਅਤੇ ਕਰਜ਼ੇ ਦੇ ਬੋਝ ਹੇਠ ਦੱਬੇ ਗਏ ਹਨ।

ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ

ਖੇਤੀਬਾੜੀ ਵਿਭਾਗ ਨੂੰ ਹੁਣ ਸਿਰਫ਼ ਦਫ਼ਤਰਾਂ ਤੱਕ ਸੀਮਤ ਰਹਿਣ ਦੀ ਬਜਾਏ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਕਿਸਾਨਾਂ ਨੂੰ ‘ਕੁਦਰਤੀ ਖੇਤੀ’ ਅਤੇ ‘ਦੇਸੀ ਰੂੜੀ’ ਦੀ ਵਰਤੋਂ ਵੱਲ ਮੋੜਨਾ ਸਮੇਂ ਦੀ ਮੁੱਖ ਲੋੜ ਹੈ। ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ ਅਤੇ ਇੱਥੋਂ ਦੇ ਪਾਣੀ ਦੀ ਇਕ-ਇਕ ਬੂੰਦ ਜ਼ਹਿਰ ਬਣ ਜਾਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਸਾਇਣਾਂ ਦੀ ਵਿਕਰੀ ’ਤੇ ਸਖ਼ਤ ਨਿਯਮ ਲਾਗੂ ਕਰੇ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਬਸਿਡੀਆਂ ਪ੍ਰਦਾਨ ਕਰੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News