World Cup 2023 'ਚੋਂ ਬਾਹਰ ਹੋਈ ਅਫ਼ਗਾਨਿਸਤਾਨ, ਦੱਖਣੀ ਅਫ਼ਰੀਕਾ ਨੇ 5 ਵਿਕਟਾਂ ਨਾਲ ਹਰਾਇਆ

Friday, Nov 10, 2023 - 10:17 PM (IST)

ਸਪੋਰਟਸ ਡੈਸਕ: ਅੱਜ ਅਫ਼ਗਾਨਿਸਤਾਨ ਦੀ ਟੀਮ ਦੱਖਣੀ ਅਫ਼ਰੀਕਾ ਤੋਂ 5 ਵਿਕਟਾਂ ਨਾਲ ਹਾਰ ਕੇ ਵਿਸ਼ਵ ਕੱਪ 2023 'ਚੋਂ ਬਾਹਰ ਹੋ ਗਈ। ਉਸ ਨੇ ਆਪਣੇ 9 ਮੁਕਾਬਲਿਆਂ ਵਿਚੋਂ 4 ਵਿਚ ਜਿੱਤ ਦਰਜ ਕੀਤੀ ਅਤੇ 8 ਅੰਕਾਂ ਨਾਲ ਪੁਆਇੰਟਸ ਟੇਬਲ ਵਿਚ ਛੇਵੇਂ ਨੰਬਰ 'ਤੇ ਰਹੀ। ਅੱਜ ਦੱਖਣੀ ਅਫ਼ਰੀਕਾ ਨਾਲ ਖੇਡੇ ਗਏ ਮੁਕਾਬਲੇ ਵਿਚ ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 244 ਦੌੜਾਂ ਬਣਾਈਆਂ ਸੀ ਜਿਸ ਦੇ ਜਵਾਬ ਵਿਚ ਦੱਖਣੀ ਅਫ਼ਰੀਕਾ ਨੇ 47.3 ਓਵਰਾਂ ਵਿਚ 5 ਵਿਕਟਾਂ ਗੁਆ ਕੇ 247 ਦੌੜਾਂ ਬਣਾ ਕੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਵੱਲੋਂ PR ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ

ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਸਲਾਮੀ ਬੱਲੇਬਾਜ਼ਾਂ ਨੇ 41 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਇਕ ਸੰਭਲੀ ਹੋਈ ਸ਼ੁਰੂਆਤ ਦੁਆਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਹੀ ਇਸੇ ਸਕੋਰ 'ਤੇ ਆਊਟ ਹੋ ਗਏ। ਉੱਥੇ ਹੀ ਅਜ਼ਮੱਤੁਲਾਹ ਨੇ 107 ਗੇਂਦਾਂ ਵਿਚ 97 ਦੌੜਾਂ ਦੀ ਅਜੇਤੂ ਪਾਰੀ ਖੇਡੀ ਤੇ ਮਹਿਜ਼ 3 ਦੌੜਾਂ ਤੋਂ ਆਪਣਾ ਸੈਂਕੜਾ ਜੜਨ ਤੋਂ ਖੁੰਝ ਗਏ। ਉਸ ਨੇ ਆਪਣੀ ਪਾਰੀ ਵਿਚ 3 ਛੱਕੇ ਤੇ 7 ਚੌਕੇ ਜੜੇ। ਅਖ਼ੀਰਲੀ ਗੇਂਦ 'ਤੇ ਵਿਕਟ ਗੁਆਉਣ ਦੇ ਨਾਲ ਹੀ ਅਫ਼ਾਗਿਨਸਤਾਨ ਦੀ ਪਾਰੀ 50 ਓਵਰਾਂ ਵਿਚ 244 ਦੌੜਾਂ 'ਤੇ ਸਿਮਟ ਗਈ ਤੇ ਵਿਰੋਧੀ ਟੀਮ ਨੂੰ 245 ਦੌੜਾਂ ਦਾ ਟੀਚਾ ਮਿਲਿਆ। ਅਫ਼ਰੀਕਾ ਵੱਲੋਂ ਕੋਟਜ਼ੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਆਪਣੇ ਨਾਂ ਕੀਤੀਆਂ। 

ਇਹ ਖ਼ਬਰ ਵੀ ਪੜ੍ਹੋ - ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ

ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦੁਆਈ। ਕੁਇੰਟਨ ਡੀ ਕਾਕ (41) ਅਤੇ ਕਪਤਾਨ ਤੇਂਬਾ ਬਵੂਮਾ (23) ਵਿਚਾਲੇ ਪਹਿਲੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਹੋਈ। ਉਨ੍ਹਾਂ ਦੇ ਆਊਟ ਹੋਣ ਮਗਰੋਂ ਵੈਨ ਡਰ ਡੁਸੇਨ ਨੇ ਚੰਗੀ ਪਾਰੀ ਖੇਡਦਿਆਂ ਟੀਮ ਦੀ ਜਿੱਤ ਯਕੀਨੀ ਬਣਾਈ। ਉਸ ਨੇ 95 ਗੇਂਦਾਂ ਵਿਚ 76 ਦੀ ਅਜੇਤੂ ਪਾਰੀ ਖੇਡੀ। ਅਖ਼ੀਰ ਵਿਚ ਫੇਲੁਕਵਾਇਓ ਨੇ ਵੀ 37 ਗੇਂਦਾਂ ਵਿਚ 39 ਦੌੜਾਂ ਦੀ ਅਜੇਤੂ ਪਾਰੀ ਨਾਲ ਟੀਮ ਨੂੰ ਟੀਚੇ ਤਕ ਪਹੁੰਚਾਇਆ। ਦੱਖਣੀ ਅਫ਼ਰੀਕਾ ਨੇ 47.3 ਓਵਰਾਂ ਵਿਚ 5 ਵਿਕਟਾਂ ਗੁਆ ਕੇ 247 ਦੌੜਾਂ ਬਣਾਈਆਂ ਤੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News