ਵਿਆਹ ਸਮਾਗਮ ‘ਚੋਂ ਪਰਤਦੇ ਪਰਿਵਾਰ ਨਾਲ ਵਾਪਰਿਆ ਹਾਦਸਾ
Tuesday, Feb 17, 2026 - 10:23 AM (IST)
ਤਪਾ ਮੰਡੀ (ਸ਼ਾਮ,ਗਰਗ)- ਬਰਨਾਲਾ–ਬਠਿੰਡਾ ਮੁੱਖ ਮਾਰਗ ’ਤੇ ਘੁੜੈਲੀ ਚੌਂਕ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਅਸ਼ੋਕ ਕੁਮਾਰ ਸ਼ਰਮਾ ਅਪਣੇ ਭਰਾ ਰਾਜੀਵ ਕੁਮਾਰ ਸ਼ਰਮਾ,ਪਤਨੀ ਮੀਨੂ ਕੁਮਾਰੀ ਅਤੇ ਪੁੱਤਰ ਵਿਵੇਕ ਸ਼ਰਮਾ ਨਾਲ ਨਾਭਾ ਤੋਂ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਬਠਿੰਡਾ ਵੱਲ ਵਾਪਸ ਪਰਤ ਰਿਹਾ ਸੀ। ਜਦੋਂ ਉਹ ਤਪਾ ਘੁੜੈਲੀ ਓਵਰਬ੍ਰਿਜ ਹੇਠਾਂ ਉਤਰ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੇ ਨਾਮਾਲੂਮ ਟਰੱਕ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਗਈ,ਜਿਸ ਨਾਲ ਇਹ ਹਾਦਸਾ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਸਵਾਰ ਚਾਰੇ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਗੁਰਬਖਸ਼ ਸਿੰਘ ਨੇ ਪ੍ਰਭਾਵਿਤ ਆਵਾਜਾਈ ਨੂੰ ਬਹਾਲ ਕਰਵਾਇਆ ਅਤੇ ਪੁਲਿਸ ਚੌਂਕੀ ਤਪਾ ਦੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ ਵੀ ਤੁਰੰਤ ਮੌਕੇ ’ਤੇ ਪਹੁੰਚ ਗਏ। ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਤੁਰੰਤ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
