ਜੀ.ਐੱਮ.ਐੱਸ.ਐੱਚ.-16 ’ਚ 5 ਤੋਂ 7 ਵਜੇ ਤੱਕ ਦਫ਼ਤਰ ਤੋਂ ਬਾਅਦ ਕਰਵਾ ਸਕੋਗੇ ਇਲਾਜ

Wednesday, Feb 25, 2026 - 02:09 PM (IST)

ਜੀ.ਐੱਮ.ਐੱਸ.ਐੱਚ.-16 ’ਚ 5 ਤੋਂ 7 ਵਜੇ ਤੱਕ ਦਫ਼ਤਰ ਤੋਂ ਬਾਅਦ ਕਰਵਾ ਸਕੋਗੇ ਇਲਾਜ

ਚੰਡੀਗੜ੍ਹ (ਪਾਲ) : ਜੀ. ਐੱਮ. ਐੱਸ. ਐੱਚ.-16 ’ਚ ਸ਼ਾਮ ਦੀ ਓ. ਪੀ. ਡੀ. ਸ਼ੁਰੂ ਹੋ ਗਈ ਹੈ। ਵਿਭਾਗ ਨੇ ਸ਼ਾਮ 5 ਵਜੇ ਤੋਂ 7 ਵਜੇ ਤੱਕ ਮਾਹਰ ਡਾਕਟਰਾਂ ਦੀ ਓ. ਪੀ. ਡੀ. ਸ਼ੁਰੂ ਕੀਤੀ ਹੈ। ਸ਼ੁਰੂ ’ਚ ਮੈਡੀਸਨ, ਸਰਜਰੀ, ਆਰਥੋਪੈਡਿਕਸ, ਪੀਡੀਆਟ੍ਰਿਕਸ ਤੇ ਗਾਇਨੀਕੋਲੋਜੀ ਵਿਭਾਗਾਂ ’ਚ ਇਹ ਸਹੂਲਤ ਦਿੱਤੀ ਜਾ ਰਹੀ ਹੈ। ਭਵਿੱਖ ’ਚ ਇਹ ਸੇਵਾ ਸਿਵਲ ਹਸਪਤਾਲਾਂ ’ਚ ਵੀ ਸ਼ੁਰੂ ਕੀਤੀ ਜਾਵੇਗੀ। ਪਹਿਲੇ ਦਿਨ ਦੇ ਟ੍ਰਾਇਲ ਰਨ ਦੌਰਾਨ ਕੁੱਲ 25 ਮਰੀਜ਼ਾਂ ਨੇ ਸ਼ਾਮ ਦੀ ਓ. ਪੀ. ਡੀ. ’ਚ ਇਲਾਜ ਕਰਵਾਇਆ। ਵਿਭਾਗ ਦਾ ਕਹਿਣਾ ਹੈ ਕਿ ਇਹ ਪਹਿਲ ਕੰਮ ਕਰਨ ਵਾਲੇ ਲੋਕਾਂ ਤੇ ਉਨ੍ਹਾਂ ਮਰੀਜ਼ਾਂ ਨੂੰ ਕਾਫ਼ੀ ਰਾਹਤ ਪ੍ਰਦਾਨ ਕਰੇਗੀ, ਜੋ ਦਿਨ ਵੇਲੇ ਹਸਪਤਾਲ ਨਹੀਂ ਆ ਸਕਦੇ। ਸਿਹਤ ਵਿਭਾਗ ਮੁਤਾਬਕ ਇਹ ਪਹਿਲ ਚੰਡੀਗੜ੍ਹ ’ਚ ਜਨਤਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ। ਇਸ ਨਾਲ ਮਰੀਜ਼ਾਂ ਨੂੰ ਨੇੜਲੇ ਹਸਪਤਾਲਾਂ ’ਚ ਮਾਹਰ ਸਲਾਹ-ਮਸ਼ਵਰੇ ਦੀ ਸਹੂਲਤ ਮਿਲੇਗੀ ਅਤੇ ਵੱਡੇ ਹਸਪਤਾਲਾਂ ’ਤੇ ਦਬਾਅ ਘੱਟ ਹੋਵੇਗਾ। ਪ੍ਰਸ਼ਾਸਨ ਵਲੋਂ ਗਠਿਤ ਸਮਾਜ ਭਲਾਈ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਯੂ. ਟੀ. ਦੇ ਸਰਕਾਰੀ ਹਸਪਤਾਲਾਂ ’ਚ ਸ਼ਾਮ ਦੀ ਓ. ਪੀ. ਡੀ. ਸ਼ੁਰੂ ਕੀਤੀ ਜਾਵੇ ਤਾਂ ਜੋ ਦਫ਼ਤਰੀ ਸਮੇਂ ਤੋਂ ਬਾਅਦ ਓ. ਪੀ. ਡੀ. ’ਚ ਇਲਾਜ ਕਰਵਾਉਣ ਵਾਲਿਆਂ ਨੂੰ ਸਹੂਲਤ ਮਿਲ ਸਕੇ। ਹਾਲਾਂਕਿ ਪਹਿਲਾਂ 2013 ’ਚ ਜੀ. ਐੱਮ. ਐੱਸ. ਐੱਚ. ’ਚ ਸ਼ਾਮ ਦੀ ਓ. ਪੀ. ਡੀ. ਸ਼ੁਰੂ ਕੀਤੀ ਗਈ ਸੀ ਪਰ ਹਸਪਤਾਲ ਇਸ ਨੂੰ ਲੰਬੇ ਸਮੇਂ ਤੱਕ ਨਹੀਂ ਚੱਲਾ ਸਕਿਆ ਸੀ।
ਭੀੜ ਹੋਵੇਗੀ ਘੱਟ, ਸਹੂਲਤਾਂ ਹੋਣਗੀਆਂ ਜ਼ਿਆਦਾ
ਜੀ. ਐੱਮ. ਐੱਸ. ਐੱਚ. ਦੀ ਓ. ਪੀ. ਡੀ. ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਚੱਲਦੀ ਹੈ। ਰੋਜ਼ਾਨਾ ਕਰੀਬ 3500 ਮਰੀਜ਼ ਓ. ਪੀ. ਡੀ. ’ਚ ਇਲਾਜ ਲਈ ਆਉਂਦੇ ਹਨ, ਜਦੋਂ ਕਿ ਐਮਰਜੈਂਸੀ ’ਚ ਕਰੀਬ 400 ਦਾ ਇਲਾਜ ਹੁੰਦਾ ਹੈ। ਡੇਂਗੂ ਤੇ ਵਾਇਰਲ ਬੁਖ਼ਾਰ ਦੇ ਮੌਸਮ ਦੌਰਾਨ ਇਹ ਗਿਣਤੀ ਕਰੀਬ ਦੁੱਗਣੀ ਹੋ ਜਾਂਦੀ ਹੈ। ਇਹ ਨਵੀਂ ਸਹੂਲਤ ਮਰੀਜ਼ਾਂ ਨੂੰ ਰਾਹਤ ਦੇਵੇਗੀ। 500 ਬਿਸਤਰਿਆਂ ਵਾਲੇ ਇਸ ਜ਼ਿਲ੍ਹਾ ਹਸਪਤਾਲ ’ਚ ਰੋਜ਼ਾਨਾ ਪੂਰੇ ਖੇਤਰ ਤੋਂ ਰੈਫਰਲ ਮਾਮਲੇ ਆਉਂਦੇ ਹਨ। ਇਕੱਲੇ ਗਾਇਨੀਕੋਲੋਜੀ ਵਿਭਾਗ ’ਚ ਰੋਜ਼ਾਨਾ ਲਗਭਗ 350 ਤੋਂ 400 ਮਰੀਜ਼ ਦੇਖੇ ਜਾਂਦੇ ਹਨ। ਇਸ ਲਈ ਸ਼ਾਮ ਦੀ ਓ. ਪੀ. ਡੀ. ਮਰੀਜ਼ਾਂ ਲਈ ਰਾਹਤ ਹੋ ਸਕਦੀ ਹੈ। ਹਸਪਤਾਲ ’ਚ ਕਾਫੀ ਸਮੇਂ ਤੋਂ ਸਟਾਫ਼ ਦੀ ਘਾਟ ਹੈ ਪਰ ਇਸ ਦੇ ਬਾਵਜੂਦ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਤੋਂ ਡਿਲੀਵਰੀ ਮਾਮਲਿਆਂ ਦਾ ਇਲਾਜ ਇੱਥੇ ਕੀਤਾ ਜਾਂਦਾ ਹੈ।


author

Babita

Content Editor

Related News