ਪੰਜਾਬ: ਬਾਥਰੂਮ ''ਚੋਂ ਨਹਾਉਂਦੀ ਪਤਨੀ ਨੂੰ ਖਿੱਚ ਲਿਆ ਬਾਹਰ, ਬਣਾਈ ਅਸ਼ਲੀਲ ਵੀਡੀਓ ਤੇ ਫ਼ਿਰ...
Tuesday, Feb 24, 2026 - 02:49 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਂਸ਼ਨ ਦੀ ਇਕ ਵਿਆਹੁਤਾ ਨੇ ਆਪਣੇ ਸਹੁਰੇ ਪੱਖ 'ਤੇ ਜ਼ੁਲਮ ਅਤੇ ਵਧੀਕੀਆਂ ਦੇ ਅਜਿਹੇ ਦੋਸ਼ ਲਗਾਏ ਹਨ, ਜਿਨ੍ਹਾਂ ਨੂੰ ਸੁਣ ਕੇ ਰੂਹ ਕੰਬ ਜਾਵੇ। ਪਰਿਵਾਰ ਨੇ ਬੜੇ ਚਾਵਾਂ ਨਾਲ ਆਪਣੀ ਧੀ ਦਾ ਵਿਆਹ ਸਨ ਵਿਊ ਦੇ ਇਕ ਨਾਮੀ ਕਾਰੋਬਾਰੀ ਦੇ ਪੁੱਤਰ ਨਾਲ ਤਕਰੀਬਨ ਤਿੰਨ ਸਾਲ ਪਹਿਲਾਂ ਕਰਵਾਇਆ ਸੀ, ਪਰ ਕਿਸ ਨੂੰ ਪਤਾ ਸੀ ਕਿ ਜਿਸ ਨੂੰ ਹਮਸਫਰ ਚੁਣਿਆ ਹੈ, ਉਹੀ ਹੈਵਾਨ ਬਣ ਜਾਵੇਗਾ। ਪੀੜਤਾ ਦਾ ਦੋਸ਼ ਹੈ ਕਿ ਵਿਆਹ ਦੇ ਸਮੇਂ 'ਕੁਝ ਨਹੀਂ ਚਾਹੀਦਾ' ਦਾ ਢੌਂਗ ਕਰਨ ਵਾਲੇ ਸਹੁਰਿਆਂ ਨੇ ਰੋਕਾ ਹੁੰਦੇ ਹੀ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਵਿਆਹ ਵਿਚ ਪਿਤਾ ਨੇ ਬੇਟੀ ਦੀ ਖੁਸ਼ਹਾਲੀ ਲਈ ਆਡੀ Q-8 ਕਾਰ, ਸੋਨੇ-ਹੀਰੇ ਦੇ ਗਹਿਣੇ ਅਤੇ ਬੇਸ਼ੁਮਾਰ ਦਾਜ ਦਿੱਤਾ, ਪਰ ਲਾਲਚ ਦੀ ਅੱਗ ਸ਼ਾਂਤ ਨਹੀਂ ਹੋਈ।
ਪੀੜਤਾ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਦਾ ਪਤੀ ਵਿਆਹ ਤੋਂ ਬਾਅਦ ਵੀ ਦੂਜੀਆਂ ਕੁੜੀਆਂ ਨਾਲ ਨਾਜਾਇਜ਼ ਸਬੰਧ ਰੱਖਦਾ ਸੀ। ਜਦੋਂ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਪਿਆਰ ਦੀ ਜਗ੍ਹਾ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜ਼ੁਲਮ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮ ਪਤੀ ਨੇ ਬਾਥਰੂਮ ਵਿਚ ਨਹਾ ਰਹੀ ਪੀੜਤਾ ਨੂੰ ਜ਼ਬਰਦਸਤੀ ਬਾਹਰ ਖਿੱਚ ਲਿਆ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਬਲੈਕਮੇਲਿੰਗ ਦਾ ਉਹ ਕਾਲਾ ਖੇਡ ਸ਼ੁਰੂ ਹੋਇਆ, ਜਿਸ ਵਿਚ ਪਤੀ ਆਪਣੀ ਹੀ ਪਤਨੀ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਜ਼ਮੀਨ 'ਤੇ ਨੱਕ ਰਗੜਨ ਅਤੇ ਹੋਰ ਉਲਟੀਆਂ ਸਿੱਧੀਆਂ ਹਰਕਤਾਂ ਕਰਨ ਲਈ ਮਜਬੂਰ ਕਰਦਾ ਰਿਹਾ।
ਇੰਨਾ ਹੀ ਨਹੀਂ, ਪ੍ਰਾਪਰਟੀ ਨੂੰ ਆਪਣੇ ਨਾਮ ਕਰਵਾਉਣ ਲਈ ਵੀ ਪੀੜਤਾ ਅਤੇ ਉਸ ਦੇ ਪਿਤਾ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਪੀੜਤਾ ਦਾ ਪਤੀ ਮਨਾਲੀ ਵਿਚ ਕਿਸੇ ਹੋਰ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ, ਉੱਥੇ ਮੌਜੂਦ ਪੀੜਤਾ ਦੇ ਭਰਾ ਨੇ ਉਸ ਨੂੰ ਰੰਗੇ ਹੱਥੀਂ ਦੇਖ ਲਿਆ ਅਤੇ ਆਪਣੀ ਭੈਣ ਨੂੰ ਇਸਦੀ ਜਾਣਕਾਰੀ ਦਿੱਤੀ। ਮਨਾਲੀ ਤੋਂ ਪਰਤਦਿਆਂ ਹੀ ਜਦੋਂ ਪਤਨੀ ਨੇ ਇਸ ਬੇਵਫਾਈ ਦਾ ਜਵਾਬ ਮੰਗਿਆ, ਤਾਂ ਮੁਲਜ਼ਮ ਨੇ ਉਸ ਨੂੰ ਬੇਰਹਿਮੀ ਨਾਲ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਹਾਰ ਮੰਨ ਕੇ ਪੀੜਤਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਇਨਸਾਫ ਦੀ ਗੁਹਾਰ ਲਗਾਈ। ਥਾਣਾ ਸਰਾਭਾ ਨਗਰ ਦੀ ਪੁਲਸ ਦੇ ਜਾਂਚ ਅਧਿਕਾਰੀ ਇੰਸਪੈਕਟਰ ਗੁਲਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਪਤੀ, ਸੱਸ ਅਤੇ ਸਹੁਰੇ ਦੇ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
