ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!

Monday, Mar 02, 2026 - 07:39 AM (IST)

ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!

ਜਲੰਧਰ/ਚੰਡੀਗੜ੍ਹ (ਧਵਨ) - ਵਿਸ਼ਵ ਪ੍ਰਸਿੱਧ ਜੋਤਸ਼ੀ ਪੰਡਿਤ ਅਜੈ ਭਾਂਬੀ ਨੇ ਮੌਜੂਦਾ ਵਿਸ਼ਵ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੁਨੀਆ ਵਿਚ ਵਧ ਰਿਹਾ ਫੌਜੀ ਤਣਾਅ ਸਿਰਫ਼ ਘਟਨਾਵਾਂ ਨਹੀਂ ਹਨ, ਸਗੋਂ ਗ੍ਰਹਿਆਂ ਦੀ ਵਿਸ਼ੇਸ਼ ਸਥਿਤੀ ਦਾ ਸੰਕੇਤ ਹਨ। ਉਨ੍ਹਾਂ ਕਿਹਾ ਕਿ ਬ੍ਰਹਿਸਪਤੀ (ਗੁਰੂ) ਦੇ ਵੱਕਰੀ ਹੋਣ ਕਾਰਨ ਉਹ ਮਨੁੱਖਤਾ ਦੀ ਰੱਖਿਆ ਕਰਨ ਦੀ ਆਪਣੀ ਆਮ ਭੂਮਿਕਾ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਨਿਭਾ ਪਾ ਰਿਹਾ, ਜਿਸ ਕਾਰਨ ਵਿਸ਼ਵ ਪੱਧਰ ’ਤੇ ਸੰਘਰਸ਼ ਅਤੇ ਅਸਥਿਰਤਾ ਵਧਣ ਦੀ ਸੰਭਾਵਨਾ ਬਣ ਰਹੀ ਹੈ।

ਭਾਂਬੀ ਨੇ ਕਿਹਾ ਕਿ ਆਉਣ ਵਾਲੇ ਸਾਲ ਵਿਚ ਸ਼ਨੀ ਗ੍ਰਹਿ ਆਪਣੀ ਨੀਚ ਰਾਸ਼ੀ ਮੇਖ ਵਿਚ ਪ੍ਰਵੇਸ਼ ਕਰੇਗਾ, ਜੋ ਕਿ ਅਗਨੀ ਤੱਤ ਦੀ ਰਾਸ਼ੀ ਮੰਨੀ ਜਾਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸ਼ਨੀ ਦਾ ਲੱਗਭਗ ਢਾਈ ਸਾਲ ਤੱਕ ਮੇਖ ਰਾਸ਼ੀ ਵਿਚ ਰਹਿਣਾ ਵਿਸ਼ਵ ਸ਼ਾਂਤੀ ਲਈ ਚੁਣੌਤੀਪੂਰਨ ਸਮਾਂ ਸਾਬਤ ਹੋ ਸਕਦਾ ਹੈ। ਇਸ ਮਿਆਦ ਵਿਚ ਦੇਸ਼ਾਂ ਵਿਚਾਲੇ ਟਕਰਾਅ, ਫੌਜੀ ਗਤੀਵਿਧੀਆਂ ਅਤੇ ਸਿਆਸੀ ਅਸਥਿਰਤਾ ਵਧਣ ਦਾ ਖਦਸ਼ਾ ਰਹੇਗਾ, ਇਸ ਲਈ ਵਿਸ਼ਵ ਲੀਡਰਸ਼ਿਪ ਨੂੰ ਸੰਜਮ ਅਤੇ ਕੂਟਨੀਤੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ।

ਉਨ੍ਹਾਂ ਮੌਜੂਦਾ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦਾ ਵੀ ਪ੍ਰਸ਼ਨ ਕੁੰਡਲੀ ਦੇ ਅਨੁਸਾਰ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਦਿੱਲੀ ਵਿਚ 1 ਮਾਰਚ ਨੂੰ ਸ਼ਾਮ 6:34 ਵਜੇ ਸਿੰਘ ਲਗਨ ਉਦਿਤ ਹੋ ਰਿਹਾ ਹੈ ਅਤੇ 5 ਪ੍ਰਮੁੱਖ ਗ੍ਰਹਿ ਸੱਤਵੇਂ ਘਰ ਵਿਚ ਸਥਿਤ ਹਨ। ਜੋਤਿਸ਼ ਦੇ ਨਜ਼ਰੀਏ ਤੋਂ ਸੱਤਵਾਂ ਘਰ ਈਰਾਨ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਇਸ ਸਮੇਂ ਕਮਜ਼ੋਰ ਸਥਿਤੀ ਵਿਚ ਦਿਖਾਈ ਦੇ ਰਿਹਾ ਹੈ। ਇਸ ਕਾਰਨ ਅਮਰੀਕਾ ਸਮਰਥਿਤ ਸ਼ਕਤੀਆਂ ਵੱਲੋਂ ਈਰਾਨ ’ਤੇ ਦਬਾਅ ਅਤੇ ਹਮਲਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਅਜੈ ਭਾਂਬੀ ਅਨੁਸਾਰ ਗੋਚਰ ਵਿਚ ਵਰਤਮਾਨ ਵਿਚ ਮੰਗਲ ਅਤੇ ਰਾਹੂ ਦੀ ਯੁਤੀ (ਮਿਲਾਪ) ਨੂੰ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜੋ ਜੰਗ, ਫੌਜੀ ਸਰਗਰਮੀਆਂ ਅਤੇ ਅਚਾਨਕ ਤਣਾਅ ਵਧਣ ਦੇ ਸੰਕੇਤ ਦਿੰਦੀ ਹੈ। ਇਸ ਦੇ ਨਾਲ ਹੀ ਸੂਰਜ, ਬੁੱਧ ਅਤੇ ਸ਼ੁੱਕਰ ਵੀ ਕੁੰਭ ਰਾਸ਼ੀ ਵਿਚ ਹਨ; ਗ੍ਰਹਿਆਂ ਦੀ ਇਹ ਸਥਿਤੀ ਦੇਸ਼ਾਂ ਵਿਚਾਲੇ ਮਤਭੇਦ ਅਤੇ ਰਣਨੀਤਿਕ ਮੁਕਾਬਲੇਬਾਜ਼ੀ ਨੂੰ ਵਧਾ ਸਕਦੀ ਹੈ।

ਜੋਤਿਸ਼ ਗਣਨਾਵਾਂ ਅਨੁਸਾਰ ਆਉਣ ਵਾਲੀ 15 ਮਾਰਚ ਨੂੰ ਸੂਰਜ ਦੇ ਰਾਸ਼ੀ ਪਰਿਵਰਤਨ (ਸੰਕ੍ਰਾਂਤੀ) ਦੌਰਾਨ ਸ਼ਨੀ ਦੇ ਪ੍ਰਭਾਵ ਖੇਤਰ ਵਿਚ ਪ੍ਰਵੇਸ਼ ਨਾਲ ਸਿਆਸੀ ਅਤੇ ਫੌਜੀ ਪੱਧਰ ’ਤੇ ਸਖ਼ਤੀ ਵਧਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 2 ਅਪ੍ਰੈਲ 2026 ਨੂੰ ਮੰਗਲ ਦੇ ਵੀ ਇਸੇ ਖੇਤਰ ਵਿਚ ਪ੍ਰਵੇਸ਼ ਕਰਨ ਨਾਲ ਤਣਾਅ ਹੋਰ ਡੂੰਘਾ ਹੋਣ ਦੇ ਸੰਕੇਤ ਮਿਲ ਰਹੇ ਹਨ, ਜਿਸ ਨਾਲ ਵਿਸ਼ਵ ਪੱਧਰ ’ਤੇ ਟਕਰਾਅ ਦੀ ਸਥਿਤੀ ਲੰਬੀ ਖਿੱਚ ਸਕਦੀ ਹੈ।


author

rajwinder kaur

Content Editor

Related News