ਵਿਸ਼ਵ ਕੱਪ ਜੇਤੂ ਆਰਚਰ ਨੂੰ ਮਿਲੀ ਇੰਗਲੈਂਡ ਦੀ ਏਸ਼ੇਜ਼ ਟੀਮ ''ਚ ਜਗ੍ਹਾ
Saturday, Jul 27, 2019 - 06:56 PM (IST)
 
            
            ਲੰਡਨ— ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਆਸਟਰੇਲੀਆ ਵਿਰੁੱਧ ਅਗਲੇ ਹਫਤੇ ਖੇਡੇ ਜਾਣ ਵਾਲੀ ਏਸ਼ੇਜ਼ ਲੜੀ ਦੇ ਪਹਿਲੇ ਟੈਸਟ ਲਈ ਸ਼ਨੀਵਾਰ ਨੂੰ ਐਲਾਨ 14 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਬੇਨ ਸਟੋਕਸ ਨੂੰ ਇਕ ਵਾਰ ਫਿਰ ਤੋਂ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਖਿਡਾਰੀਆਂ ਨੇ ਇੰਗਲੈਂਡ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਨਿਊਜ਼ੀਲੈਂਡ ਵਿਰੁੱਧ 14 ਜੁਲਾਈ ਨੂੰ ਖੇਡੇ ਗਏ ਫਾਈਨਲ ਵਿਚ ਸਟੋਕਸ ਦੀ ਪਾਰੀ ਨਾਲ ਇੰਗਲੈਂਡ ਨੇ ਮੈਚ ਟਾਈ ਕੀਤਾ ਤੇ ਫਿਰ ਸੁਪਰ ਓਵਰ ਵਿਚ ਆਰਚਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। 24 ਸਾਲਾ ਆਰਚਰ ਇਸ ਸਾਲ ਇੰਗਲੈਂਡ ਦੀ ਪ੍ਰਤੀਨਿਧਤਾ ਕਰਨ ਦਾ ਪਾਤਰ ਬਣਿਆ ਹੈ ਤੇ ਹੁਣ ਉਹ 1 ਅਗਸਤ ਤੋਂ ਐਜਬੈਸਟਨ ਵਿਚ ਖੇਡੇ ਜਾਣ ਵਾਲੇ ਲੜੀ ਦੇ ਪਹਿਲੇ ਟੈਸਟ ਵਿਚ ਡੈਬਿਊ ਕਰ ਸਕਦਾ ਹੈ। ਵਿਸ਼ਵ ਕੱਪ ਦੌਰਾਨ ਉਹ ਹਾਲਾਂਕਿ ਜ਼ਖ਼ਮੀ ਸੀ ਪਰ ਬਾਰਬਾਡੋਸ ਸਥਿਤ ਆਪਣੇ ਘਰ ਵਿਚ ਸਮਾਂ ਬਿਤਾਉਣ ਤੋਂ ਬਾਅਦ ੁਉਹ ਫਿੱਟ ਐਲਾਨ ਕਰ ਦਿੱਤਾ ਗਿਆ। ਉਸ ਨੇ ਆਪਣੀ ਕਾਊਂਟੀ ਟੀਮ ਸਸੈਕਸ ਲਈ ਸ਼ੁੱਕਰਵਾਰ ਨੂੰ ਮੈਦਾਨ ਵਿਚ ਵਾਪਸੀ ਕੀਤੀ। ਸਰੇ ਵਿਰੁੱਧ ਟੀ-20 ਬਲਾਸਟ ਵਿਚ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਜੋ ਰੂਟ ਦੀ ਅਗਵਾਈ ਵਾਲੀ ਟੀਮ ਵਿਚ ਬੇਨ ਸਟੋਕਸ ਨੂੰ ਫਿਰ ਤੋਂ ਉਪ ਕਪਤਾਨ ਬਣਾਇਆ ਗਿਆ ਹੈ। ਸਟੋਕਸ ਨੂੰ ਸਤੰਬਰ 2017 ਵਿਚ ਨਾਈਟ ਕਲੱਬ ਵਿਚ ਦੇਰ ਰਾਤ ਝਗੜਾ ਕਰਨ ਦੇ ਵਿਵਾਦ ਤੋਂ ਬਾਅਦ ਉਹ ਕਪਤਾਨੀ ਤੋਂ ਹਟਾ ਦਿੱਤ ਗਿਆ ਸੀ। ਇਸ ਘਟਨਾ ਤੋਂ ਬਾਅਦ ਸਟੋਕਸ ਦੀ ਜਗ੍ਹਾ ਜੋਸ ਬਟਲਰ ਨੂੰ ਉਪ ਕਪਤਾਨ ਬਣਾਇਆ ਗਿਆ ਸੀ। ਇਸ ਹਫਤੇ ਆਇਰਲੈਂਡ ਵਿਰੁੱਧ ਖੇਡੇ ਗਏ ਟੈਸਟ ਮੈਚ ਤੋਂ ਬਟਲਰ ਤੇ ਸਟੋਕਸ ਨੂੰ ਆਰਾਮ ਦਿੱਤਾ ਗਿਆ ਸੀ। ਇੰਗਲੈਂਡ ਨੇ ਲਾਰਡਸ ਵਿਚ ਖੇਡੇ ਗਏ ਇਸ ਮੁਕਾਬਲੇ ਨੂੰ 143 ਦੌੜਾਂ ਨਾਲ ਆਪਣੇ ਨਾਂ ਕੀਤਾ ਸੀ। ਸੱਟ ਕਾਰਨ ਟੀਮ ਇਸ ਮੈਚ ਤੋਂ ਦੂਰ ਰਹੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਵੀ ਟੀਮ ਵਿਚ ਜਗ੍ਹਾ ਬਣਾਈ ਹੈ। ਆਇਰਲੈਂਡ ਵਿਰੁੱਧ ਨਾਈਟਵਾਚਮੈਨ ਚੇ ਤੌਰ 'ਤੇ ਦੂਜੀ ਪਾਰੀ ਵਿਚ 92 ਦੌੜਾਂ ਦਾ ਯੋਗਦਾਨ ਦੇਣ ਵਾਲਾ ਮੈਨ ਆਫ ਦਿ ਮੈਚ ਖੱਬੇ ਹੱਥ ਦੇ ਗੇਦੰਬਾਜ਼ ਜੈਕ ਲੀਚ ਟੀਮ ਵਿਚ ਜਗ੍ਹਾ ਨਹੀਂ ਬਣਾ ਸਕਿਆ।
ਪਹਿਲੇ ਟੈਸਟ ਲਈ ਇੰਗਲੈਂਡ ਦੀ ਟੀਮ : ਜੋ ਰੂਟ (ਕਪਤਾਨ), ਮੋਇਨ ਅਲੀ, ਜੇਮਸ ਐਂਡਰਸਨ, ਜੋਫ੍ਰਾ ਆਰਚਰ, ਜਾਨੀ ਬੇਅਰਸਟੋ, ਸਟੂਅਰਟ ਬ੍ਰਾਡ, ਰੋਰੀ ਬਰਨਸ, ਜੋਸ ਬਟਲਰ (ਵਿਕਟਕੀਪਰ), ਸੈਮ ਕਿਊਰਨ, ਜੋ ਡੈਨਲੀ, ਜੈਸਨ ਰਾਏ, ਬੇਨ ਸਟੋਕਸ, ਆਲੀ ਸਟੋਨ, ਕ੍ਰਿਸ ਵੋਕਸ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            