ਪੰਜਾਬ ਦੇ ਪੁੱਤਰ ਨੇ ਦੱ.ਅਫਰੀਕਾ ''ਚ ਚਮਕਾਇਆ ਨਾਂ, ਵਿਸ਼ਵ ਤੈਰਾਕੀ ’ਚ ਜਿੱਤਿਆ ਸਿਲਵਰ ਮੈਡਲ
Thursday, Dec 11, 2025 - 08:46 PM (IST)
ਭਵਾਨੀਗੜ੍ਹ, (ਕਾਂਸਲ)- ਦੱਖਣੀ ਅਫਰੀਕਾ ਦੇ ਮੋਸੇਲ ਬੇ ’ਚ ਹੋਈ ਯੂਆਈਪੀਐੱਮ ਬਾਇਥਲ ਟ੍ਰਾਇਥਲ ਲੇਜ਼ਰ ਰਨ ਵਿਸ਼ਵ ਚੈਂਪਅਨਸ਼ਿਪ ’ਚ ਅੰਡਰ 19 ਦੇ ਇੰਟਰਨੈਸ਼ਨਲ ਸਵਿਮਿੰਗ ਮੁਕਾਬਲੇ ’ਚ ਭਵਾਨੀਗੜ੍ਹ ਦੇ ਜੈਨ ਕਲੋਨੀ ਨਿਵਾਸੀ ਅਸ਼ੋਕ ਜਿੰਦਲ ਤੇ ਆਸ਼ਾ ਜਿੰਦਲ ਦੇ ਹੋਣਹਾਰ ਪੁੱਤਰ ਲਕਸ਼ੈ ਜਿੰਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤ ਕੇ ਪੂਰੇ ਵਿਸ਼ਵ ’ਚ ਆਪਣੇ ਦੇਸ਼ ਭਾਰਤ, ਸੂਬੇ ਪੰਜਾਬ, ਇਲਾਕਾ ਭਵਾਨੀਗੜ੍ਹ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਕੇ ਇਕ ਨਵਾ ਇਤਿਹਾਸ ਰੱਚਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਕਸ਼ੈ ਜਿੰਦਲ ਦੇ ਪਿਤਾ ਅਸ਼ੋਕ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੇ ਹੋਣਹਾਰ ਪੁੱਤਰ ਲਕਸ਼ੈ ਜਿੰਦਲ ਨੇ ਪਹਿਲਾਂ ਇੰਦੌਰ ਵਿਖੇ ਹੋਏ ਨੈਸ਼ਨਲ ਪੱਧਰ ਦੇ ਟਰਾਇਲ ਮੁਕਾਬਲਿਆਂ ’ਚ ਭਾਗ ਲੈਂਦਿਆਂ ਉਥੇ ਕਾਂਸੀ ਦਾ ਮੈਡਲ ਜਿੱਤ ਕੇ ਦੱਖਣੀ ਅਫਰੀਕਾ ’ਚ ਹੋਣ ਵਾਲੀ ਇਸ ਵਿਸ਼ਵ ਚੈਂਪੀਅਨਸ਼ਿਪ ’ਚ ਆਪਣਾ ਸਥਾਨ ਪੱਕਾ ਕੀਤਾ। ਫਿਰ ਭਾਰਤੀ ਟੀਮ ਦੇ ਕੋਚ ਮਿਸਟਰ ਵਿੱਠਲ ਸ਼ਿਰਗਾਂਵਕਰ ਦੀ ਅਗਵਾਈ ਹੇਠ ਦੱਖਣੀ ਅਫਰੀਕਾ ਵਿਖੇ ਗਈ ਭਾਰਤੀ ਟੀਮ ਦਾ ਹਿੱਸਾ ਬਣੇ ਲਕਸ਼ੈ ਜਿੰਦਲ ਨੇ ਅੰਡਰ 19 ਦੇ ਤੈਰਾਕੀ ਮੁਕਾਬਲੇ ’ਚ ਆਪਣੀ ਖੇਡ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਲਕਸ਼ੈ ਜਿੰਦਲ ਦੇ ਕੋਚ ਮੋਹਾਲੀ ਨਿਵਾਸੀ ਜੋਨੀ ਭਾਟੀਆ ਨੇ ਲਕਸ਼ੈ ਜਿੰਦਲ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਲਕਸ਼ੈ ਜਿੰਦਲ ਅਤੇ ਪੂਰੇ ਪਰਿਵਾਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਦੱਖਣੀ ਅਫਰੀਕਾ ਵਿਖੇ ਹੋਏ ਇਸ ਵਿਸ਼ਵ ਚੈਂਪੀਅਨਸ਼ਿੱਪ ਲਈ ਗਈ ਭਾਰਤੀ ਟੀਮ ਦਾ ਹਿੱਸਾ ਬਣੇ ਲਕਸ਼ੈ ਜਿੰਦਲ ਪੰਜਾਬ ਤੋਂ ਇਕਮਾਤਰ ਖਿਡਾਰੀ ਸੀ, ਜਿਸ ਵੱਲੋਂ ਇਸ ਪ੍ਰਾਪਤੀ ਨਾਲ ਪੂਰੇ ਵਿਸ਼ਵ ਦੇ ਵਿਚ ਸਾਡੇ ਦੇਸ਼ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਗਿਆ ਹੈ।
ਲਕਸ਼ੈ ਜਿੰਦਲ ਨੇ ਕਿਹਾ ਕਿ ਉਸ ਦਾ ਮੁੱਖ ਉਦੇਸ਼ ਓਲੰਪਿਕ ’ਚ ਆਪਣੀ ਖੇਡ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀ ਮੈਡਲ ਪ੍ਰਾਪਤ ਕਰਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਹੈ। ਜਿਸ ਲਈ ਉਹ ਦਿਨ ਰਾਤ ਲਗਾਤਾਰ ਸਖ਼ਤ ਮਿਹਨਤ ਕਰਕੇ ਤਿਆਰੀ ਕਰੇਗਾ। ਲਕਸ਼ੈ ਜਿੰਦਲ ਦੀ ਇਸ ਪ੍ਰਾਪਤੀ ਦੀ ਖ਼ਬਰ ਜਿਵੇਂ ਹੀ ਸਥਾਨਕ ਇਲਾਕੇ ’ਚ ਆਈ ਤਾਂ ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤੰਤਾ ਲੱਗ ਗਿਆ। ਲਕਸ਼ੈ ਦੇ ਮਾਪਿਆਂ ਵੱਲੋਂ ਆਪਣੇ ਪੁੱਤਰ ਦੀ ਪ੍ਰਾਪਤੀ ਉਪਰ ਬਹੁਤ ਮਾਣ ਮਹਿਸ਼ੂਸ ਕਰਦੇ ਹੋਏ ਕਿਹਾ ਲਕਸ਼ੈ ਜਿੰਦਲ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਤੈਰਾਕੀ ਦੇ ਵਿਚ ਪ੍ਰਾਪਤੀ ਕਰਕੇ ਉਨ੍ਹਾਂ ਦਾ ਸਿਰ ਫਕਰ ਨਾਲ ਉਚਾ ਕੀਤਾ ਗਿਆ ਹੈ ਤੇ ਹੋਰ ਬੱਚਿਆਂ ਨੂੰ ਵੀ ਉਸ ਤੋਂ ਪ੍ਰੇਰਣਾ ਲੈ ਕੇ ਪੜਾਈ ਦੇ ਨਾਲ ਨਾਲ ਖੇਡਾਂ ’ਚ ਵੀ ਮੱਲਾਂ ਮਾਰਨੀਆਂ ਚਾਹੀਦੀਆਂ ਹਨ।
