ਐਡਵੋਕੇਟ ਧਾਮੀ ਨੇ ਨਿਊਜ਼ੀਲੈਂਡ ''ਚ ਹੋਏ ਤੀਜੇ ਵਿਸ਼ਵ ਕਬੱਡੀ ਕੱਪ ਦੀ ਸਫਲਤਾ ’ਤੇ ਦਿੱਤੀ ਵਧਾਈ

Wednesday, Dec 10, 2025 - 03:50 PM (IST)

ਐਡਵੋਕੇਟ ਧਾਮੀ ਨੇ ਨਿਊਜ਼ੀਲੈਂਡ ''ਚ ਹੋਏ ਤੀਜੇ ਵਿਸ਼ਵ ਕਬੱਡੀ ਕੱਪ ਦੀ ਸਫਲਤਾ ’ਤੇ ਦਿੱਤੀ ਵਧਾਈ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਜ਼ੀਲੈਂਡ ਵਿਚ ਵੱਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਬੀਤੇ ਦਿਨੀਂ ਕਰਵਾਏ ਗਏ ਤੀਜੇ ਵਿਸ਼ਵ ਕਬੱਡੀ ਕੱਪ ਦੀ ਸਫਲਤਾ 'ਤੇ ਵਧਾਈ ਦਿੱਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬੀ ਜਿਸ ਵੀ ਦੇਸ਼ ਵਿਚ ਵੱਸੇ ਹਨ, ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਵੱਡੇ ਮੁਕਾਮ ਹਾਸਲ ਕੀਤੇ ਹਨ। ਪੰਜਾਬੀਆਂ ਨੇ ਵਿਦੇਸ਼ ਅੰਦਰ ਰਹਿੰਦਿਆਂ ਆਪਣੇ ਸੱਭਿਆਚਾਰ ਅਤੇ ਖੇਡਾਂ ਪ੍ਰਤੀ ਹਮੇਸ਼ਾ ਵੱਡੇ ਉਪਰਾਲੇ ਕੀਤੇ ਅਤੇ ਆਪਣੀਆਂ ਰਵਾਇਤਾਂ ਤੇ ਖੇਡ ਸੱਭਿਆਚਾਰ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰੀਰਿਕ ਤੰਦਰੁਸਤੀ ਲਈ ਵਿਰਾਸਤੀ ਖੇਡਾਂ ਨਾਲ ਜੋੜਨਾ ਵੱਡਾ ਉਪਰਾਲਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਨੌਜਵਾਨਾ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਸ਼ਵ ਕਬੱਡੀ ਕੱਪ ਲਈ ਕੀਤੇ ਇਸ ਉਪਰਾਲੇ ਲਈ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਅਤੇ ਸਾਰੇ ਪ੍ਰਬੰਧਕਾਂ ਦੇ ਇਸ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਅਜਿਹੇ ਉਪਰਾਲੇ ਇਸੇ ਤਰ੍ਹਾਂ ਜਾਰੀ ਰੱਖਣ ਦੀ ਆਸ ਪ੍ਰਗਟਾਈ।


author

Gurminder Singh

Content Editor

Related News