ਪੰਜਾਬ ''ਚ ਇਸ ਜਗ੍ਹਾ ਰੱਦ ਹੋਈਆਂ ਚੋਣਾਂ! ਹੁਣ 16 ਤਾਰੀਖ਼ ਨੂੰ ਦੁਬਾਰਾ ਪੈਣਗੀਆਂ ਵੋਟਾਂ

Sunday, Dec 14, 2025 - 03:18 PM (IST)

ਪੰਜਾਬ ''ਚ ਇਸ ਜਗ੍ਹਾ ਰੱਦ ਹੋਈਆਂ ਚੋਣਾਂ! ਹੁਣ 16 ਤਾਰੀਖ਼ ਨੂੰ ਦੁਬਾਰਾ ਪੈਣਗੀਆਂ ਵੋਟਾਂ

ਮਹਿਲ ਕਲਾਂ (ਹਮੀਦੀ): ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪਟਿਆਲਾ ਵਿਖੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਉਸ ਸਮੇਂ ਗੰਭੀਰ ਵਿਵਾਦ ਖੜ੍ਹਾ ਹੋ ਗਿਆ, ਜਦੋਂ ਬੂਥ ਨੰਬਰ 20 ਉੱਪਰ ਬੈਲਟ ਪੇਪਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ‘ਤੱਕੜੀ’ ਦਰਜ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਕਾਰਨ ਕੁਝ ਸਮੇਂ ਲਈ ਚੋਣੀ ਪ੍ਰਕਿਰਿਆ ਪ੍ਰਭਾਵਿਤ ਰਹੀ ਅਤੇ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ। ਮਾਮਲੇ ਦੇ ਸਾਹਮਣੇ ਆਉਂਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਭਾਰੀ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ਨੇ ਚੋਣ ਕਮਿਸ਼ਨ ਅਤੇ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਭ ਕੁਝ ਸੋਚ-ਸਮਝ ਕੇ ਕੀਤਾ ਗਿਆ ਹੈ, ਤਾਂ ਜੋ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਨਾ ਪੈਣ। ਉਨ੍ਹਾਂ ਕਿਹਾ ਕਿ ਪੋਸਟਲ ਅਤੇ ਬੈਲਟ ਪੇਪਰਾਂ ਤੋਂ ਚੋਣ ਨਿਸ਼ਾਨ ਹਟਾਉਣਾ ਲੋਕਤੰਤਰ ‘ਤੇ ਸਿੱਧਾ ਹਮਲਾ ਹੈ।ਸਥਿਤੀ ਵਿਗੜਦੀ ਦੇਖ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਐਸ.ਡੀ.ਐਮ. ਮਹਿਲ ਕਲਾਂ ਬੇਅੰਤ ਸਿੰਘ ਸਿੱਧੂ ਅਤੇ ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ ਮੌਕੇ ‘ਤੇ ਪਹੁੰਚੇ ਅਤੇ ਪਿੰਡ ਵਾਸੀਆਂ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ।

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਚੋਣਾਂ ਦੌਰਾਨ ਭਾਜਪਾ ਉਮੀਦਵਾਰ 'ਤੇ ਕੈਂਚੀ ਨਾਲ ਹਮਲਾ!

ਸਾਰੀ ਸਥਿਤੀ ਦੀ ਵਿਸਥਾਰਪੂਰਕ ਰਿਪੋਰਟ ਤਿਆਰ ਕਰਨ ਉਪਰੰਤ ਇਲੈਕਸ਼ਨ ਕਮਿਸ਼ਨ ਨੂੰ ਤੁਰੰਤ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬੂਥ ਨੰਬਰ 20 ਉੱਪਰ ਵੋਟਿੰਗ ਦੀ ਪ੍ਰਕਿਰਿਆ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ, ਜਦਕਿ ਪਿੰਡ ਦੇ ਬਾਕੀ ਸਾਰੇ ਬੂਥਾਂ ਉੱਪਰ ਵੋਟਿੰਗ ਦਾ ਕੰਮ ਨਿਰਵਿਘਨ ਅਤੇ ਅਮਨ-ਅਮਾਨ ਨਾਲ ਜਾਰੀ ਰਿਹਾ।ਇਸ ਦੌਰਾਨ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਜੋਨ ਠੀਕਰੀਵਾਲਾ ਤੋਂ ਹੰਸ ਰਾਜ ਚੀਮਾ ਨੇ ਦੋਸ਼ ਲਗਾਇਆ ਕਿ ਬੂਥ ਨੰਬਰ 20 ‘ਤੇ ਬੈਲਟ ਪੇਪਰਾਂ ਵਿੱਚ ਤੱਕੜੀ ਨਿਸ਼ਾਨ ਵਾਲੀਆਂ ਪਰਚੀਆਂ ਗਾਇਬ ਹੋਣ ਕਾਰਨ 13 ਤੋਂ 18 ਤੱਕ ਵੋਟਾਂ ਗਲਤ ਤਰੀਕੇ ਨਾਲ ਪਈਆਂ, ਜਿਸ ਕਰਕੇ ਵੋਟਿੰਗ ਰੋਕਣੀ ਪਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਉਮੀਦਵਾਰ ਗੁਰਪ੍ਰੀਤ ਕੌਰ ਧਾਲੀਵਾਲ (ਜ਼ੋਨ ਚੰਨਨਵਾਲ) ਨਾਲ ਸਰੇਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਚੋਣ ਕਮਿਸ਼ਨ ਨੂੰ ਨਿਰਪੱਖ ਢੰਗ ਨਾਲ ਚੋਣੀ ਪ੍ਰਕਿਰਿਆ ਮੁਕੰਮਲ ਕਰਵਾਉਣੀ ਚਾਹੀਦੀ ਹੈ।ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਬੂਥ ਨੰਬਰ 20 ਸਬੰਧੀ ਪੈਦਾ ਹੋਏ ਰੌਲੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਲਿਖਤੀ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਸ ਬੂਥ ‘ਤੇ ਮੁੜ ਚੋਣ ਕਰਵਾਈ ਜਾਵੇਗੀ। 

ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਏਡੀਸੀ ਅਮਿਤ ਬੇਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੇ ਨਵੇਂ ਤੈਅ ਪ੍ਰੋਗਰਾਮ ਅਨੁਸਾਰ ਪਿੰਡ ਰਾਏਸਰ ਪਟਿਆਲਾ ਦੇ ਬੂਥ ਨੰਬਰ 20 ‘ਤੇ 16 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਮੁੜ ਵੋਟਿੰਗ ਕਰਵਾਈ ਜਾਵੇਗੀ।ਮੌਕੇ ‘ਤੇ ਅਬਜ਼ਰਵਰ ਬਲਦੀਪ ਕੌਰ, ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ, ਤਹਿਸੀਲਦਾਰ ਰਵਿੰਦਰ ਸਿੰਘ, ਥਾਣਾ ਮਹਿਲ ਕਲਾਂ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ, ਪਿੰਡ ਵਾਸੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਹਾਜ਼ਰ ਸਨ। ਇਸ ਮੌਕੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਰਪੰਚ 75 ਸਿੰਘ ਧਾਲੀਵਾਲ  ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦਾ ਤੁਰੰਤ ਅਤੇ ਨਿਆਂਸੰਗਤ ਹੱਲ ਨਾ ਕੱਢਿਆ ਗਿਆ ਤਾਂ ਪਾਰਟੀ ਵੱਲੋਂ ਵੱਡਾ ਅੰਦੋਲਨ ਕੀਤਾ ਜਾਵੇਗਾ। 
 


author

Anmol Tagra

Content Editor

Related News