ਨਸ਼ੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ, ਇਕਲੌਤੇ ਪੁੱਤ ਦੀ ਓਵਰਡੋਜ਼ ਨਾਲ ਮੌਤ
Saturday, Mar 12, 2022 - 06:27 PM (IST)
ਭਵਾਨੀਗੜ੍ਹ (ਵਿਕਾਸ) : ਸ਼ਹਿਰ ਦੇ ਦਸ਼ਮੇਸ਼ ਨਗਰ ’ਚ ਰਹਿਣ ਵਾਲੇ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਹੈ। 19 ਸਾਲ ਦਾ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦਵਿੰਦਰ ਸਿੰਘ ਦੇ ਤਾਇਆ ਗੁਰਦਰਸ਼ਨ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਜਗਪਾਲ ਸਿੰਘ ਪਾਲੀ ਆਦਿ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਦਵਿੰਦਰ ਸਿੰਘ ਦੇ ਪਿਤਾ ਪ੍ਰਦੀਪ ਸਿੰਘ ਦੀ ਮੌਤ ਹੋ ਜਾਣ ਕਾਰਨ ਉਸਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ। ਜਿਸ ਉਪਰੰਤ ਬੇਰੁਜ਼ਗਾਰੀ ਦੀ ਦਲ-ਦਲ ਫਸ ਕੇ ਦਵਿੰਦਰ ਸਿੰਘ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਤੇ ਚਿੱਟੇ ਦੇ ਨਸ਼ੇ ਦਾ ਆਦੀ ਹੋ ਗਿਆ। ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਵੀ ਦਵਿੰਦਰ ਸਿੰਘ ਕਥਿਤ ਤੌਰ ’ਤੇ ਨਸ਼ੇ ਦੀ ਪੂਰਤੀ ਲਈ ਆਪਣੇ 2 ਸਾਥੀ ਨੌਜਵਾਨਾਂ ਨਾਲ ਮੋਟਰਸਾਇਕਲ ’ਤੇ ਸਮਾਣਾ ਨੇੜੇ ਇਕ ਪਿੰਡ ’ਚ ਗਿਆ ਸੀ ਜਿੱਥੇ ਨਸ਼ੇ ਦੀ ਹਾਲਤ ’ਚ ਵਾਪਸ ਆਉਂਦੇ ਹੋਏ ਉਹ ਰਾਹ ਵਿਚ ਹੀ ਡਿੱਗ ਪਏ ਅਤੇ ਨਸ਼ੇ ਦੀ ਡੋਜ਼ ਵੱਧ ਹੋਣ ਕਾਰਨ ਦਵਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਕਾਰਨ ਗੁਰੂ ਨਗਰੀ ’ਚ ਨੌਜਵਾਨ ਦੀ ਮੌਤ, ਰੋ-ਰੋ ਹਾਲੋ ਬੇਹਾਲ ਹੋਇਆ ਪਰਿਵਾਰ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸਦੀ ਮੌਤ ਤੋਂ ਬਾਅਦ ਘਰ ’ਚ ਉਸਦਾ ਬਜ਼ੁਰਗ ਪੜਦਾਦਾ ਅਤੇ ਮਾਂ ਇਕੱਲੇ ਰਹਿ ਗਏ ਹਨ, ਜੋ ਪਹਿਲਾਂ ਹੀ ਆਰਥਿਕ ਤੰਗੀ ’ਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ 'ਆਪ' ਆਗੂ ਹਲਕੇ ਦੀ ਨਵ-ਨਿਯੁਕਤ ਵਿਧਾਇਕਾ ਨਰਿੰਦਰ ਕੌਰ ਭਰਾਜ ਤੋਂ ਸੂਬੇ ’ਚ ਨੌਜਵਾਨਾਂ ਲਈ ਮਾਰੂ ਸਾਬਤ ਹੋ ਰਹੇ ਚਿੱਟੇ ਵਰਗੇ ਘਾਤਕ ਨਸ਼ਿਆਂ ਨੂੰ ਖ਼ਤਮ ਕਰਕੇ ਇਨ੍ਹਾਂ ਦੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਦਵਿੰਦਰ ਸਿੰਘ ਦੇ ਗਰੀਬ ਪਰਿਵਾਰ ਦੀ ਆਰਥਿਕ ਤੌਰ ’ਤੇ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਬਿਜਲੀ ਚੋਰੀ ਫੜਨ ਗਈ ਪਾਵਰਕਾਮ ਦੀ ਟੀਮ ਨੂੰ ਕਿਸਾਨਾਂ ਨੇ ਬਣਾਇਆ ਬੰਧਕ, ਫਿਰ ਵਾਪਰ ਗਈ ਵੱਡੀ ਅਣਹੋਣੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?