ਕਾਰ ਦੀ ਟੱਕਰ ਨਾਲ ਔਰਤ ਦੀ ਮੌਤ, ਨਸ਼ੇ ''ਚ ਟੁੰਨ ਸੀ ਡਰਾਈਵਰ, ਹੈਰੋਇਨ ਬਰਾਮਦ

Thursday, Feb 19, 2026 - 02:26 PM (IST)

ਕਾਰ ਦੀ ਟੱਕਰ ਨਾਲ ਔਰਤ ਦੀ ਮੌਤ, ਨਸ਼ੇ ''ਚ ਟੁੰਨ ਸੀ ਡਰਾਈਵਰ, ਹੈਰੋਇਨ ਬਰਾਮਦ

ਸਮਰਾਲਾ (ਵਿਪਨ): ਅੱਜ ਇੱਥੋਂ ਦੇ ਖੰਨਾ ਰੋਡ ਉੱਪਰ ਨਸ਼ੇ 'ਚ ਟੁੰਨ ਹੋਏ ਇਕ ਕਾਰ ਚਾਲਕ ਨੌਜਵਾਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੇ ਜਾਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਦਕਿ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਇਹ ਹਾਦਸਾ ਨਜ਼ਦੀਕੀ ਪਿੰਡ ਕੁੱਲੇਵਾਲ ਦੇ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਪੁਲਸ ਵੱਲੋਂ ਕੀਤੀ ਗਈ ਕਾਰਵਾਈ 'ਚ ਕਾਰ ਚਾਲਕ ਕੋਲੋਂ ਪੁਲਸ ਨੇ 5.15 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਜਿਸ ਦੀ ਮੌਕੇ ਦੀ ਵੀਡਿਓ ਵੀ ਸਾਹਮਣੇ ਆਈ ਹੈ।

ਪਰਿਵਾਰਕ ਮੈਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਖੰਨਾ ਹਸਪਤਾਲ ਤੋਂ ਦਵਾਈ ਲੈ ਕੇ ਆਪਣੇ ਪਿੰਡ ਗਹਿਲੇਵਾਲ ਨੂੰ ਵਾਪਸ ਪਰਤ ਰਹੇ ਸਨ ਕਿ ਪਿੰਡ ਕੁੱਲੇਵਾਲ ਦੀ ਗੁੱਗਾ ਮੈੜੀ ਦੇ ਨਜ਼ਦੀਕ ਸਮਰਾਲੇ ਵੱਲੋਂ ਜਾ ਰਹੇ ਇਕ ਕਾਰ ਸਵਾਰ ਨੇ ਉਲਟ ਪਾਸੇ ਵੱਲ ਜਾ ਕੇ ਮੋਟਰ ਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਬਲਵਿੰਦਰ ਕੌਰ 55 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਨਿਰਮਲ ਸਿੰਘ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਸਮਰਾਲੇ ਲਿਆਂਦਾ ਗਿਆ, ਜਿੱਥੇ ਉਸਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਨਾਜਕ ਹੋਣ ਕਾਰਨ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। 

ਇਸ ਸਬੰਧ ਵਿਚ ਸਥਾਨਕ ਐੱਸ.ਐੱਚ.ਓ  ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਪ੍ਰਮੋਦ ਕੁਮਾਰ ਵਾਸੀ ਸਮਰਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੇ ਕੋਲੋਂ 5.15 ਗ੍ਰਾਮ ਹੈਰੋਇਨ ਵੀ ਬਰਾਮਦ ਹੋਣ 'ਤੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕਿੱਥੇ ਹੈ 'ਯੁੱਧ ਨਸ਼ਿਆਂ ਵਿਰੁੱਧ'?: ਢਿੱਲੋਂ

ਇਸ ਸੜਕ ਹਾਦਸੇ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਿੱਥੇ ਹੈ ਪੰਜਾਬ ਸਰਕਾਰ ਦਾ "ਯੁੱਧ ਨਸ਼ਿਆਂ ਵਿਰੁੱਧ"? ਉਨ੍ਹਾਂ ਕਿਹਾ ਕਿ ਨਸ਼ੇੜੀ ਲੋਕ ਸੜਕਾਂ 'ਤੇ ਮੌਤਾਂ ਵੰਡਦੇ ਫਿਰ ਰਹੇ ਹਨ। ਸਰਕਾਰ ਰੈਲੀਆਂ ਕਰਕੇ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਦਮਗਜ਼ੇ ਮਾਰ ਰਹੀ ਹੈ।


author

Anmol Tagra

Content Editor

Related News