ਸਾਲ ਪਹਿਲਾਂ ਵਿਆਹੀ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ! ਮਾਪਿਆਂ ਨੇ ਸਹੁਰੇ ਪਰਿਵਾਰ 'ਤੇ ਲਾਏ ਕਤਲ ਦੇ ਦੋਸ਼
Saturday, Feb 21, 2026 - 06:18 PM (IST)
ਮਾਹਿਲਪੁਰ (ਜਸਵੀਰ)-ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਕੁੱਕੜਾਂ ’ਚ ਰਹਿੰਦੇ ਪ੍ਰਵਾਸੀ ਮਜ਼ਦੂਰ ਇਕ ਵਿਆਹੁਤਾ ਦੀ ਮੌਤ ਹੋ ਜਾਣ ’ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਜਵਾਈ ਅਤੇ ਉਸ ਦੇ ਪਰਿਵਾਰ ’ਤੇ ਕਤਲ ਦੇ ਦੋਸ਼ ਲਾਏ ਹਨ। ਕੁੜੀ ਦੇ ਮਾਮੇ ਦੇ ਮੁੰਡੇ ਵੱਲੋਂ ਮੌਕੇ ’ਤੇ ਪਹੁੰਚ ਕੇ ਮਨ੍ਹਾ ਕਰਨ ਦੇ ਬਾਵਜੂਦ ਜਲਦਬਾਜ਼ੀ ’ਚ ਸਵੇਰੇ ਕਰੀਬ 8.30 ਵਜੇ ਹੀ ਅੰਤਿਮ ਸੰਸਕਾਰ ਕਰ ਦਿੱਤਾ। ਕੁੜੀ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਸਰਪੰਚ ਸਮੇਤ ਮੁਹਤਬਰ ਵਿਅਕਤੀਆਂ ਨਾਲ ਯੂ. ਪੀ. ਤੋਂ ਪਹੁੰਚ ਕੇ ਪੁਲਸ ਕੋਲ ਇਨਸਾਫ਼ ਦੀ ਗੁਹਾਰ ਲਾਈ ਹੈ।
ਮ੍ਰਿਤਕ ਦੇ ਪਿਤਾ ਦਾਨਵੀਰ ਵਾਸੀ ਪਿੰਡ ਪੱਟੀ ਬਾਲੂ ਸ਼ੰਕਰ ਥਾਣਾ ਘਨਾਰੀ ਜ਼ਿਲ੍ਹਾ ਸੰਭਲ (ਯੂ. ਪੀ.), ਮਾਤਾ ਰਾਜਵਤੀ ਭਰਾ ਮੋਰਧਜ, ਜੈ ਕਿਸ਼ਨ, ਨੇ ਆਪਣੇ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਅਤੇ ਹੋਰਾਂ ਦੀ ਮੌਜੂਦਗੀ ’ਚ ਥਾਣਾ ਮਾਹਿਲਪੁਰ ਵਿਖੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਰਾਜ ਕੁਮਾਰੀ ਦਾ ਵਿਆਹ 16 ਫਰਵਰੀ 2024 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦਾ ਜਵਾਈ ਰਾਜ ਕੁਮਾਰੀ ਨੂੰ ਆਪਣੇ ਨਾਲ ਪਿੰਡ ਕੁੱਕੜਾ ਥਾਣਾ ਮਾਹਿਲਪੁਰ ਲੈ ਆਇਆ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਜਾਰੀ ਕੀਤਾ ਸੰਦੇਸ਼
ਉਨ੍ਹਾਂ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਰਾਜ ਕੁਮਾਰੀ ਨੇ ਕੁੜੀ ਨੂੰ ਜਨਮ ਦਿੱਤਾ। ਧੀ ਪੈਦਾ ਹੋਣ ਕਰਕੇ ਸੰਨੀ ਆਪਣੀ ਪਤਨੀ ਰਾਜਕੁਮਾਰੀ ਨਾਲ ਝਗੜਾ ਕਰਨ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਯੂ. ਪੀ. ਤੋਂ ਆ ਕੇ ਕਈ ਵਾਰ ਉਸ ਨੂੰ ਸਮਝਾਇਆ ਪਰ ਉਸ ਦੇ ਵਤੀਰੇ ’ਚ ਕੋਈ ਫਰਕ ਨਹੀਂ ਪਿਆ। ਉਨ੍ਹਾਂ ਦੱਸਿਆ ਕਿ 18 ਫਰਵਰੀ 2026 ਸ਼ਾਮ 7 ਵਜੇ ਦੇ ਕਰੀਬ ਸੰਨੀ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ ਰਾਜਕੁਮਾਰੀ ਦੀ ਸਿਹਤ ਖਰਾਬ ਹੈ ਅਤੇ ਦੂਜੇ ਦਿਨ 19 ਫਰਵਰੀ ਨੂੰ ਸਵੇਰ 6 ਵਜੇ ਸੰਨੀ ਨੇ ਫਿਰ ਫੋਨ ਕਰਕੇ ਦੱਸਿਆ ਕਿ ਰਾਜਕੁਮਾਰੀ ਦੀ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੂਚਨਾ ਊਨਾ (ਹਿਮਾਚਲ ਪ੍ਰਦੇਸ਼) ਰਹਿੰਦੇ ਰਾਜਕੁਮਾਰੀ ਦੇ ਮਾਮੇ ਦੇ ਲੜਕੇ ਹਰੀਸ਼ ਕੁਮਾਰ ਨੂੰ ਦਿੱਤੀ। ਹਰੀਸ਼ ਕੁਮਾਰ ਨੇ ਕੁੱਕੜਾਂ ਪਿੰਡ ਪਹੁੰਚ ਕੇ ਵੇਖਿਆ ਕਿ ਰਾਜ ਕੁਮਾਰੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਗਰਦਨ ’ਤੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਹਰੀਸ਼ ਵੱਲੋਂ ਗਲੇ ’ਤੇ ਪਏ ਨਿਸ਼ਾਨਾਂ ਬਾਰੇ ਪੁੱਛਣ ’ਤੇ ਸੰਨੀ ਆਪਣੇ ਪਰਿਵਾਰ ਸਮੇਤ ਸਵੇਰੇ ਰਾਜ ਕੁਮਾਰੀ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਲੈ ਕੇ ਚੱਲ ਪਏ। ਹਰੀਸ਼ ਨੇ ਇਸ ਬਾਰੇ ਡਾਇਲ 112 ’ਤੇ ਸੂਚਨਾ ਦਿੱਤੀ, ਜਿਨ੍ਹਾਂ ਨੇ ਥਾਣਾ ਮਾਹਿਲਪੁਰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਹਰੀਸ਼ ਦੇ ਸਸਕਾਰ ਤੋਂ ਮਨ੍ਹਾ ਕਰਨ ਦੇ ਬਾਵਜੂਦ ਵੀ ਰਾਜ ਕੁਮਾਰੀ ਦੇ ਸਹੁਰੇ ਵਾਲਿਆਂ ਨੇ ਉਸ ਦਾ ਸਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ! ਕੈਲਫੋਰਨੀਆ ਨੇ ਖ਼ਰੀਦਿਆ
ਇਸ ਬਾਰੇ ਮ੍ਰਿਤਕ ਰਾਜ ਕੁਮਾਰੀ ਪਤੀ ਸੰਨੀ ਨੇ ਆਪਣੇ ਉਪਰ ਲਾਏ ਦੋਸ਼ਾਂ ਨੂੰ ਨਕਾਰਦੇ ਹੋਏ ਥਾਣਾ ਮਾਹਿਲਪੁਰ ’ਚ ਦੱਸਿਆ ਕਿ ਰਾਜ ਕੁਮਾਰੀ ਕੁਝ ਦਿਨਾਂ ਤੋਂ ਪੀਲੀਏ ਦੀ ਸ਼ਿਕਾਇਤ ਕਾਰਨ ਬੀਮਾਰ ਸੀ, ਜਿਸ ਨੂੰ ਗੜ੍ਹਸ਼ੰਕਰ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਵੀ ਕਰਾਇਆ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। 19 ਫਰਵਰੀ ਨੂੰ ਸਵੇਰੇ ਛੇ ਵਜੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮੌਤ ਦੀ ਸੂਚਨਾ ਦੇਣ ’ਤੇ ਉਸ ਦੇ ਸੋਹਰੇ ਦਾਨਵੀਰ ਨੇ ਯੂ. ਪੀ. ਤੋਂ ਪੰਜਾਬ ਆਉਣ ਲਈ ਜਵਾਬ ਦੇ ਦਿੱਤਾ ਤਾਂ ਉਨ੍ਹਾਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਕੀ ਕਹਿੰਦੇ ਥਾਣਾ ਮੁੱਖੀ ਮਦਨ ਸਿੰਘ
ਜਦੋਂ ਇਸ ਸਬੰਧੀ ਥਾਣਾ ਮੁੱਖੀ ਮਦਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ, ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ ਹੋਵੇਗਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
