ਪੰਜਾਬ: ਨਸ਼ੇ ਦੇ ਦੈਂਤ ਨੇ ਬੁਝਾ ਦਿੱਤਾ ਇਕ ਹੋਰ ਘਰ ਦਾ ਚਿਰਾਗ! ਨਸ਼ਾ ਛੁਡਾਊ ਕੇਂਦਰ ਤੋਂ ਆਏ ਮੁੰਡੇ ਦੀ ਓਵਰਡੋਜ਼ ਨਾਲ ਮੌਤ

Wednesday, Feb 18, 2026 - 06:07 PM (IST)

ਪੰਜਾਬ: ਨਸ਼ੇ ਦੇ ਦੈਂਤ ਨੇ ਬੁਝਾ ਦਿੱਤਾ ਇਕ ਹੋਰ ਘਰ ਦਾ ਚਿਰਾਗ! ਨਸ਼ਾ ਛੁਡਾਊ ਕੇਂਦਰ ਤੋਂ ਆਏ ਮੁੰਡੇ ਦੀ ਓਵਰਡੋਜ਼ ਨਾਲ ਮੌਤ

ਲੁਧਿਆਣਾ (ਰਾਜ): ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਆਏ ਦਿਨ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੁਝ ਰਿਹਾ ਹੈ। ਤਾਜ਼ਾ ਮਾਮਲਾ ਧਰਮਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਦਲਦਲ ਵਿਚ ਫਸੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਿੰਟੂ ਵਜੋਂ ਹੋਈ ਹੈ, ਜੋ ਮੀਟ ਦੀ ਦੁਕਾਨ ਚਲਾਉਂਦਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਬਲੀ 'ਨਸ਼ੇ ਦੀ ਓਵਰਡੋਜ਼' ਨੇ ਲਈ ਹੈ।

ਜਾਣਕਾਰੀ ਮੁਤਾਬਕ, ਚਿੰਟੂ ਘਰ ਦੇ ਬਾਥਰੂਮ ਵਿਚ ਨਹਾਉਣ ਲਈ ਗਿਆ ਸੀ। ਜਦੋਂ ਕਾਫੀ ਦੇਰ ਬੀਤ ਜਾਣ ਤੋਂ ਬਾਅਦ ਵੀ ਉਹ ਬਾਹਰ ਨਹੀਂ ਨਿਕਲਿਆ, ਤਾਂ ਪਰਿਵਾਰਕ ਮੈਂਬਰਾਂ ਦੇ ਮਨ ਵਿਚ ਅਣਹੋਣੀ ਦਾ ਡਰ ਪੈਦਾ ਹੋਣ ਲੱਗਾ। ਘਰਦਿਆਂ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਅਤੇ ਆਵਾਜ਼ਾਂ ਦਿੱਤੀਆਂ, ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਅਣਹੋਣੀ ਦੇ ਡਰੋਂ ਜਦੋਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਤੋੜਿਆ, ਤਾਂ ਚਿੰਟੂ ਬੇਹੋਸ਼ੀ ਦੀ ਹਾਲਤ ਵਿਚ ਜ਼ਮੀਨ 'ਤੇ ਡਿੱਗਿਆ ਹੋਇਆ ਸੀ। ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਦੇਖਦੇ ਹੀ ਮ੍ਰਿਤਕ ਐਲਾਨ ਦਿੱਤਾ।

ਨਸ਼ਾ ਛੁਡਾਊ ਕੇਂਦਰ ਵੀ ਨਹੀਂ ਛੁਡਾ ਸਕਿਆ ਲਤ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਿੰਟੂ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਗ੍ਰਿਫ਼ਤ ਵਿਚ ਸੀ। ਪਰਿਵਾਰ ਨੇ ਉਸ ਨੂੰ ਇਸ ਨਰਕ ਵਿਚੋਂ ਕੱਢਣ ਲਈ ਦਿਨ-ਰਾਤ ਇਕ ਕਰ ਦਿੱਤਾ ਸੀ। ਉਸ ਨੂੰ ਨਸ਼ਾ ਛੁਡਾਊ ਕੇਂਦਰ ਵੀ ਭੇਜਿਆ ਗਿਆ ਸੀ ਪਰ ਨਸ਼ਾ ਉਸ ਦੀਆਂ ਨਸਾਂ ਵਿਚ ਇਸ ਕਦਰ ਵੱਸ ਚੁੱਕਾ ਸੀ ਕਿ ਕੇਂਦਰ ਤੋਂ ਬਾਹਰ ਆਉਂਦੇ ਹੀ ਉਹ ਦੁਬਾਰਾ ਉਸੇ ਰਾਹ 'ਤੇ ਚੱਲ ਪਿਆ।


author

Anmol Tagra

Content Editor

Related News