22 ਸਾਲਾ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਂਟ

Wednesday, Oct 30, 2019 - 05:46 PM (IST)

22 ਸਾਲਾ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਂਟ

ਬਟਾਲਾ (ਜ. ਬ.) : ਅੱਜ ਪਿੰਡ ਬੁੱਢਾ ਕੋਟ ਦੇ ਇਕ 22 ਸਾਲਾ ਨੌਜਵਾਨ ਗੁਰਪਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਗਈ। ਇਸ ਸਬੰਧੀ ਅਵਤਾਰ ਸਿੰਘ ਪੁੱਤਰ ਪਿਆਰਾ ਸਿੰਘ ਨੇ ਦੱਸਿਆ ਕਿ ਮੇਰਾ ਬੇਟਾ ਗੁਰਪਿੰਦਰ ਸਿੰਘ (22) ਪਿਛਲੇ ਲਗਭਗ ਇਕ ਸਾਲ ਤੋਂ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਸੀ, ਜਿਸ ਦਾ ਨਸ਼ਾ ਛੁਡਾਉਣ ਲਈ ਅਸੀਂ ਉਸਨੂੰ ਇਕ ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਕਰਵਾਇਆ ਸੀ, 24 ਅਕਤੂਬਰ ਨੂੰ ਸਾਨੂੰ ਉਥੋਂ ਫੋਨ ਆਇਆ ਕਿ ਉਨ੍ਹਾਂ ਦੇ ਸੈਂਟਰ ਦੀ ਚੈਕਿੰਗ ਹੋ ਰਹੀ ਹੈ, ਇਸ ਲਈ ਤੁਸੀਂ ਲੜਕੇ ਨੂੰ ਘਰ ਲੈ ਜਾਓ ਅਤੇ ਅਗਲੇ ਦਿਨ ਫਿਰ ਉਸ ਨੂੰ ਸੈਂਟਰ ਭੇਜ ਦੇਣਾ, ਫਿਰ ਅਸੀ ਉਸ ਨੂੰ ਕੁਝ ਦਿਨਾਂ ਤੋਂ ਬਾਅਦ 1500 ਰੁਪਏ ਦੇ ਕੇ ਸੈਂਟਰ ਵਾਪਸ ਭੇਜ ਦਿੱਤਾ। ਉਸ ਦਿਨ ਸਾਡੇ ਲੜਕੇ ਨਾਲ ਫੋਨ 'ਤੇ ਗੱਲ ਹੋਈ ਸੀ। 

27 ਅਕਤੂਬਰ ਸਾਨੂੰ ਕਿਸੇ ਔਰਤ ਨੇ ਫੋਨ ਕੀਤਾ ਕਿ ਤੁਹਾਡੇ ਲੜਕੇ ਦੀ ਹਾਲਤ ਖਰਾਬ ਹੋਣ ਕਰਕੇ ਅਸੀਂ ਉਸਨੂੰ ਮੱਖੂ ਹਸਪਤਾਲ ਲੈ ਕੇ ਗਏ ਸੀ, ਜਿਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਫਿਰ ਅਸੀ ਆਪਣੇ ਪਰਿਵਾਰ ਨਾਲ ਉਕਤ ਸਥਾਨ 'ਤੇ ਪੁੱਜੇ ਅਤੇ ਦੇਖਿਆਂ ਕਿ ਲੜਕੇ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਿਤਾ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੇਰੇ ਲੜਕੇ ਦੀ ਮੌਤ ਸੈਂਟਰ ਅਤੇ ਹੋਰ ਵਿਅਕਤੀਆਂ ਦੀ ਲਾਪਰਵਾਹੀ ਕਾਰਣ ਹੋਈ ਹੈ।


author

Gurminder Singh

Content Editor

Related News