ਜ਼ੀਰਕਪੁਰ ਟ੍ਰੈਫਿਕ ਪੁਲਸ ਨੇ 22 ਦਿਨਾਂ ’ਚ 3139 ਚਲਾਨ ਕੱਟੇ
Tuesday, Feb 24, 2026 - 01:02 PM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਟ੍ਰੈਫਿਕ ਪੁਲਸ ਵੱਲੋਂ ਇਕ ਫਰਵਰੀ ਤੋਂ 22 ਫਰਵਰੀ ਤੱਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ 22 ਦਿਨਾਂ ’ਚ ਕੁੱਲ 3139 ਚਲਾਨ ਕੀਤੇ ਗਏ ਹਨ। ਜ਼ੀਰਕਪੁਰ ਟ੍ਰੈਫਿਕ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਪਟਿਆਲਾ ਚੌਂਕ, ਪਟਿਆਲਾ ਰੋਡ, ਮੈਟਰੋ ਫਲਾਈਓਵਰ, ਮੈਕ ਡੀ ਤੋਂ ਛੱਤ ਰੋਡ, ਤਹਿਸੀਲ ਰੋਡ, ਕਾਲਕਾ ਚੌਂਕ, ਬਲਟਾਣਾ ਚੌਂਕ ਤੇ ਰੰਜਨ ਪਲਾਜ਼ਾ ਇਲਾਕੇ ’ਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕੱਟੇ ਚਲਾਨ ਮੁੱਖ ਤੌਰ ’ਤੇ ਗਲਤ ਸਾਈਡ ਡਰਾਈਵਿੰਗ, ਗਲਤ ਸਾਈਡ ਪਾਰਕਿੰਗ, ਬਿਨਾਂ ਹੈਲਮੈੱਟ ਦੋਪਹੀਆ ਵਾਹਨ ਚਲਾਉਣ, ਮੋਬਾਈਲ ਫੋਨ ਦੀ ਵਰਤੋਂ ਕਰਦੇ ਡਰਾਈਵਿੰਗ, ਬਿਨਾਂ ਸੀਟ ਬੈਲਟ ਗੱਡੀ ਚਲਾਉਣ ਤੇ ਰੈੱਡ ਲਾਈਟ ਜੰਪ ਕਰਨ ’ਤੇ ਕੀਤੇ ਗਏ ਹਨ। ਜ਼ੀਰਕਪੁਰ ਟ੍ਰੈਫਿਕ ਪੁਲਸ ਦੀ ਇਹ ਕਾਰਵਾਈ ਸਿਰਫ਼ ਚਲਾਨ ਤੱਕ ਸੀਮਤ ਨਹੀਂ, ਸਗੋਂ ਸੜਕ ਸੁਰੱਖਿਆ ਪ੍ਰਤੀ ਇਕ ਮਜ਼ਬੂਤ ਸੰਦੇਸ਼ ਹੈ।
ਪੁਲਸ ਦੀ ਸਖ਼ਤੀ ਨਾਲ ਸ਼ਹਿਰ ’ਚ ਕਾਨੂੰਨ ਦਾ ਡਰ ਤੇ ਅਨੁਸ਼ਾਸਨ ਦੋਵੇਂ ਬਣੇ ਹੋਏ ਹਨ। ਸ਼ਹਿਰ ਵਾਸੀਆਂ ਵੱਲੋਂ ਵੀ ਇਸ ਮੁਹਿੰਮ ਦੀ ਸਰਾਹਨਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਸੜਕਾਂ ’ਤੇ ਸੁਰੱਖਿਆ ਦਾ ਮਾਹੌਲ ਬਣਦਾ ਹੈ। ਇੰਸਪੈਕਟਰ ਮਨਫੂਲ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਨਿਯਮਾਂ ਦੀ ਪਾਲਣਾ ਕਰਨਾ ਆਪਣੀ ਤੇ ਹੋਰਨਾਂ ਦੀ ਜ਼ਿੰਦਗੀ ਦੀ ਰੱਖਿਆ ਕਰਨਾ ਹੈ। ਆਉਣ ਵਾਲੇ ਸਮੇਂ ’ਚ ਵੀ ਇਹ ਵਿਸ਼ੇਸ਼ ਮੁਹਿੰਮ ਜਾਰੀ ਰਹੇਗੀ ਤਾਂ ਜੋ ਜ਼ੀਰਕਪੁਰ ਦੀਆਂ ਸੜਕਾਂ ਨੂੰ ਹੋਰ ਵੀ ਸੁਰੱਖਿਅਤ ਬਣਾਇਆ ਜਾ ਸਕੇ।
