ਵਟਸਐਪ ਮੈਸੇਜ ਨੇ ਲਈ ਨੌਜਵਾਨ ਦੀ ਜਾਨ, ਪਿੰਡ ਵਾਸੀਆਂ ਨੇ ਕੀਤਾ ਪ੍ਰਦਰਸ਼ਨ

Sunday, Feb 03, 2019 - 07:11 PM (IST)

ਵਟਸਐਪ ਮੈਸੇਜ ਨੇ ਲਈ ਨੌਜਵਾਨ ਦੀ ਜਾਨ, ਪਿੰਡ ਵਾਸੀਆਂ ਨੇ ਕੀਤਾ ਪ੍ਰਦਰਸ਼ਨ

ਮੋਗਾ(ਆਜ਼ਾਦ)- ਮੋਗਾ ਜ਼ਿਲੇ ਦੇ ਪਿੰਡ ਕੋਕਰੀ ਕਲਾਂ ਨਿਵਾਸੀ ਅਮਨਦੀਪ ਪੁਰੀ ਵਲੋਂ ਬੀਤੀ 24 ਜਨਵਰੀ ਨੂੰ ਆਪਣੇ ਘਰ 'ਚ ਹੀ ਖੁਦਕੁਸ਼ੀ ਕਰ ਲਈ ਸੀ। ਉਕਤ ਮਾਮਲੇ ਸੰਬੰਧੀ ਅਜੀਤਵਾਲ ਪੁਲਸ ਵਲੋਂ ਸੰਦੀਪ ਪੁਰੀ ਉਰਫ ਸੰਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਪੁਲਸ ਵਲੋਂ ਮੁਲਜ਼ਮ ਨੂੰ ਗ੍ਰਿਫਤਾਰ ਨਾ ਕਰਨ 'ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਵਲੋਂ 1 ਫਰਵਰੀ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਧਰਨਾ ਲਾਇਆ ਗਿਆ ਸੀ, ਜਿਸ ਨੂੰ ਪ੍ਰਸ਼ਾਸਨ ਵਲੋਂ ਵਿਸ਼ਵਾਸ ਦੇਣ 'ਤੇ ਧਰਨਾ ਚੁੱਕਿਆ ਗਿਆ ਸੀ, ਪਰ ਮੁਲਜ਼ਮ ਲੜਕੇ ਦੀ ਗ੍ਰਿਫਤਾਰੀ ਨਾ ਹੋਣ 'ਤੇ ਅੱਜ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਥਾਣਾ ਅਜੀਤਵਾਲ ਮੂਹਰੇ ਮੋਗਾ-ਲੁਧਿਆਣਾ ਹਾਈਵੇ ਜਾਮ ਕਰਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਮੁਲਜ਼ਮ ਦੀ ਗ੍ਰਿਫਤਾਰੀ ਨਾ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਣੀ ਦੀ ਚਿਤਾਵਨੀ ਦਿੱਤੀ ਹੈ।
ਕੀ ਸੀ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ਬੀਤੀ 24 ਜਨਵਰੀ ਨੂੰ ਪਿੰਡ ਦੇ ਨੌਜਵਾਨ ਅਮਨਦੀਪ ਪੂਰੀ ਜਿਸਦੀ ਮੁਲਜ਼ਮ ਲੜਕੇ ਵਲੋਂ ਪਿੰਡ ਦੇ ਹੀ ਇਕ ਬਜ਼ੁਰਗ ਨਾਲ ਫੋਟੋ ਖਿੱਚ ਕੇ ਉਸ ਨੂੰ ਵਟਸਅਪ 'ਤੇ ਪਾ ਦਿੱਤੀ ਗਈ ਸੀ। ਅਮਨਦੀਪ ਪੁਰੀ ਨੇ ਉਸ ਨੂੰ ਕਈ ਵਾਰ ਫੋਟੋ ਡਲੀਟ ਕਰਨ ਲਈ ਕਿਹਾ, ਪਰ ਉਸਨੇ ਫੋਟੋ ਡਲੀਟ ਨਹੀਂ ਕੀਤੀ ਅਤੇ ਉਸਨੂੰ ਹੀ ਬੁਰਾ ਭਲਾ ਕਹਿਣ ਲੱਗਾ, ਜਿਸ 'ਤੇ ਅਮਨਦੀਪ ਪੁਰੀ ਨੇ ਆਪਣੀ ਬੇਇਜ਼ਤੀ ਮਹਿਸੂਸ ਕਰਦੇ ਹੋਏ ਭਾਵੁਕ ਹੋ ਕੇ ਖੁਦਕੁਸ਼ੀ ਕਰ ਲਈ ਸੀ, ਜਿਸ 'ਤੇ ਅਜੀਤਵਾਲ ਪੁਲਸ ਵਲੋਂ ਮ੍ਰਿਤਕ ਦੀ ਮਾਤਾ ਸੁਨੀਤਾ ਰਾਣੀ ਦੇ ਬਿਆਨਾਂ 'ਤੇ ਮੁਲਜ਼ਮ ਲੜਕੇ ਸੰਦੀਪ ਪੁਰੀ ਉਰਫ ਸੰਨੀ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।
ਐੱਸ. ਪੀ. ਅਤੇ ਉੱਚ ਅਧਿਕਾਰੀਆਂ ਦੇ ਵਿਸ਼ਵਾਸ 'ਤੇ ਧਰਨਾ ਕੀਤਾ ਸਮਾਪਤ
ਦੋਸ਼ੀ ਲੜਕੇ ਦੀ 10 ਦਿਨ ਬਾਅਦ ਵੀ ਗ੍ਰਿਫਤਾਰੀ ਨਾ ਹੋਣ 'ਤੇ ਅੱਜ ਪਰਿਵਾਰ ਵਾਲਿਆਂ ਮੋਗਾ-ਲੁਧਿਆਣਾ ਹਾਈਵੇ ਜਾਮ ਕਰ ਕੇ ਨਾਅਰੇਬਾਜ਼ੀ ਗਈ। ਐੱਸ. ਪੀ. ਡੀ. ਵਜੀਰ ਸਿੰਘ ਖਹਿਰਾ, ਡੀ. ਐੱਸ. ਪੀ. ਸਿਟੀ ਕੇਸਰ ਸਿੰਘ, ਥਾਣਾ ਅਜੀਤਵਾਲ ਦੇ ਇੰਚਾਰਜ ਕਰਮਜੀਤ ਸਿੰਘ ਗਰੇਵਾਲ ਅਤੇ ਹੋਰ ਪੁਲਸ ਕਰਮਚਾਰੀ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵਿਸ਼ਵਾਸ ਦਿੱਤਾ ਕਿ ਚਾਰ ਫਰਵਰੀ ਤੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਅਧਿਕਾਰੀਆਂ ਦੱਸਿਆ ਕਿ ਦੋਸ਼ੀ ਦੇ ਪਰਿਵਾਰ ਵਾਲਿਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ, ਜਲਦ ਹੀ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ, ਜਿਸ ਦੇ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ ਤੇ ਆਵਾਜਾਈ ਆਮ ਵਾਂਗ ਚੱਲ ਪਈ।


Related News