20 ਹਜ਼ਾਰ ਰੁਪਏ ਦੇ ਝਗੜੇ ਨੇ ਲਈ ਜਾਨ ! ਪ੍ਰਵਾਸੀ ਨੇ ਰਿਸ਼ਤੇਦਾਰ ਨੂੰ ਉਤਾਰਿਆ ਮੌਤ ਦੇ ਘਾਟ
Monday, Feb 23, 2026 - 07:34 PM (IST)
ਭਵਾਨੀਗੜ੍ਹ, (ਵਿਕਾਸ ਮਿੱਤਲ)-ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ 'ਚ ਬੀਤੀ ਰਾਤ ਪਿੰਡ ਘਰਾਚੋਂ ਵਿਖੇ ਇਕ ਪ੍ਰਵਾਸੀ ਨੇ ਲੋਹੇ ਦੀ ਪਾਈਪ ਨਾਲ ਵਾਰ ਕਰ ਕੇ ਆਪਣੇ ਰਿਸ਼ਤੇਦਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਤਿਨ ਕੁਮਾਰ ਸੈਣੀ (32) ਪੁੱਤਰ ਲਾਲ ਬਹਾਦੁਰ ਉਰਫ਼ ਛੋਟੇ ਵਾਸੀ ਮੁਹੱਲਾ ਮੈਦਾਨਪੁਰਾ ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼) ਹਾਲ ਅਬਾਦ ਪੋਲਟਰੀ ਫਾਰਮ ਗੁਰਦੀਪ ਸਿੰਘ ਪਿੰਡ ਭੈਣੀ ਵਾਗਾ ਮਾਨਸਾ ਨੇ ਦੱਸਿਆ ਕਿ ਉਸਦਾ 60 ਸਾਲਾ ਪਿਤਾ ਲਾਲ ਬਹਾਦੁਰ ਉਰਫ਼ ਛੋਟੇ ਜੋ ਮੂਨਕ ਦੇ ਪਿੰਡ ਹਮੀਰਗੜ੍ਹ ਵਿਖੇ ਕੰਮ ਕਰਦਾ ਸੀ। ਬੀਤੀ ਸ਼ਾਮ ਉਹ ਆਪਣੇ ਪਿਤਾ ਨਾਲ ਆਪਣੇ ਰਿਸ਼ਤੇਦਾਰ ਸ਼ਾਮੂ ਪੁੱਤਰ ਲੰਕੁਸ਼ ਨਾਰਾਇਣ ਵਾਸੀ ਛੋਛਪੁਰ ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼) ਕੋਲ ਪਿੰਡ ਘਰਾਚੋਂ ਘੁਮਾਣ ਮੁਰਗੀ ਫਾਰਮ ‘ਤੇ ਆਏ ਸਨ।
ਨਿਤਿਨ ਮੁਤਾਬਕ ਉਸਦੇ ਪਿਤਾ ਲਾਲ ਬਹਾਦੁਰ ਨੇ ਉਕਤ ਸ਼ਾਮੂ ਤੋਂ 20 ਹਜ਼ਾਰ ਰੁਪਏ ਲੈਣੇ ਸਨ। ਪੈਸਿਆਂ ਦੀ ਮੰਗ ਕਰਨ ‘ਤੇ ਸ਼ਾਮੂ ਉਨ੍ਹਾਂ ਨੂੰ ਅੱਖਾਂ ਦਿਖਾਉਣ ਲੱਗ ਪਿਆ। ਇਸ ਦੌਰਾਨ ਮੌਕੇ 'ਤੇ ਆਏ ਪੋਲਟਰੀ ਫਾਰਮ ਦੇ ਮਾਲਕ ਨੇ ਸ਼ਾਮੂ ਨੂੰ ਸਮਝਾਉਂਦੇ ਹੋਏ ਮਿਲ ਬੈਠ ਕੇ ਮਾਮਲਾ ਸੁਲਝਾਉਣ ਦੀ ਗੱਲ ਕੀਤੀ। ਇਸ ‘ਤੇ ਸ਼ਾਮੂ ਨੇ ਪਿਆਰ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੂੰ ਰਾਤ ਨੂੰ ਆਪਣੇ ਕੋਲ ਪੋਲਟਰੀ ਫਾਰਮ ਵਿਖੇ ਹੀ ਰੋਕ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰਾਤ ਨੂੰ ਉਸਦਾ ਪਿਤਾ ਤੇ ਸ਼ਾਮੂ ਹੇਠਲੇ ਕਮਰੇ ਵਿਚ ਪਏ ਸਨ ਜਦੋਂਕਿ ਉਹ ਉੱਪਰਲੇ ਕਮਰੇ ਵਿਚ ਸੋ ਰਿਹਾ ਸੀ। ਰਾਤ ਕਰੀਬ 11:30 ਵਜੇ ਉਸਨੂੰ ਆਪਣੇ ਪਿਤਾ ਦੀਆਂ ਚੀਖਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸਨੇ ਦੇਖਿਆ ਕਿ ਸ਼ਾਮੂ ਲੋਹੇ ਦੀ ਪਾਈਪ ਨਾਲ ਉਸਦੇ ਪਿਤਾ ਦੀ ਕੁੱਟਮਾਰ ਕਰ ਰਿਹਾ ਸੀ ਤੇ ਉਸਨੂੰ ਦੇਖਦੇ ਹੀ ਸ਼ਾਮੂ ਨੇ ਲੋਹੇ ਦੀ ਪਾਈਪ ਉਸਦੇ ਪਿਤਾ ਦੇ ਸਿਰ 'ਤੇ ਦੇ ਮਾਰੀ ਜਿਸ ਨਾਲ ਉਸਦਾ ਪਿਤਾ ਜ਼ਮੀਨ 'ਤੇ ਡਿੱਗ ਪਿਆ।
ਰੋਲ਼ਾ ਪਾਉਣ ‘ਤੇ ਸ਼ਾਮੂ ਉਸਨੂੰ ਵੀ ਮਾਰਨ ਲਈ ਦੌੜਿਆ ਜਿਸ ਤੋਂ ਡਰ ਕੇ ਉਸਨੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰ ਲਿਆ। ਇਸ ਤੋਂ ਬਾਅਦ ਸ਼ਾਮੂ ਖੇਤਾਂ ਵੱਲ ਭੱਜ ਗਿਆ। ਨਿਤਿਨ ਸੈਣੀ ਨੇ ਦੱਸਿਆ ਕਿ ਸਵੇਰ ਹੋਣ ‘ਤੇ ਪੋਲਟਰੀ ਫਾਰਮ ਮਾਲਕ ਦੇ ਆਉਣ ‘ਤੇ ਉਹ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਪੌੜੀ ਕੋਲ ਉਸਦਾ ਪਿਤਾ ਲਾਲ ਬਹਾਦੁਰ ਮ੍ਰਿਤਕ ਪਿਆ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕਥਿਤ ਮੁਲਜ਼ਮ ਸ਼ਾਮੂ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ। ਥਾਣਾ ਭਵਾਨੀਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਸੋਮਵਾਰ ਸ਼ਾਮ ਨੂੰ ਦੱਸਿਆ ਕਿ ਮਾਮਲੇ 'ਚ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਨਹੀਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
