ਸੜਕਾਂ ਦੀ ਮੰਦੀ ਹਾਲਤ ਨੇ ਲਈ ਮਾਸੂਮ ਦੀ ਜਾਨ, 14 ਟਾਇਰਾਂ ਵਾਲੇ ਟਰੱਕ ਨੇ ਪਿਓ ਸਾਹਮਣੇ ਕੁਚਲਿਆ ਇਕਲੌਤਾ ਪੁੱਤਰ

Saturday, Feb 21, 2026 - 10:35 PM (IST)

ਸੜਕਾਂ ਦੀ ਮੰਦੀ ਹਾਲਤ ਨੇ ਲਈ ਮਾਸੂਮ ਦੀ ਜਾਨ, 14 ਟਾਇਰਾਂ ਵਾਲੇ ਟਰੱਕ ਨੇ ਪਿਓ ਸਾਹਮਣੇ ਕੁਚਲਿਆ ਇਕਲੌਤਾ ਪੁੱਤਰ

ਲੋਹੀਆਂ ਖ਼ਾਸ, (ਸੁਖਪਾਲ ਰਾਜਪੂਤ)- ਸਥਾਨਕ ਸ਼ਹਿਰ ਦੇ ਟੀ-ਪੁਆਇੰਟ ਵਿਖੇ ਰਾਸ਼ਟਰੀ ਮਾਰਗ 'ਤੇ ਪੁਲ ਬਣਾਉਣ ਵਾਲੀ ਕੰਪਨੀ ਦੀ ਲਾਪਰਵਾਹੀ ਅਤੇ ਸੜਕਾਂ ਦੀ ਮੰਦੀ ਹਾਲਤ ਕਾਰਨ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ 6 ਸਾਲਾ ਮਾਸੂਮ ਬੱਚੇ ਗੁਰਜੋਤ ਸਿੰਘ ਦੀ ਟਰੱਕ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚਾ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ।

ਜਾਣਕਾਰੀ ਅਨੁਸਾਰ, ਸ਼ੀਤਲ ਸਿੰਘ ਆਪਣੀ ਸਕੂਟਰੀ (ਨੰਬਰ ਪੀ ਬੀ 08 ਐਫ ਐਚ 1946) 'ਤੇ ਆਪਣੇ 6 ਸਾਲਾ ਪੁੱਤਰ ਗੁਰਜੋਤ ਸਿੰਘ ਨਾਲ ਜਾ ਰਿਹਾ ਸੀ। ਇਸੇ ਦੌਰਾਨ ਨਾਸਿਕ ਤੋਂ ਪਿਆਜ਼ ਲੱਦ ਕੇ ਜਲੰਧਰ ਵੱਲ ਜਾ ਰਿਹਾ ਇੱਕ 14 ਟਾਇਰਾਂ ਵਾਲਾ ਟਰੱਕ (ਨੰਬਰ ਆਰ ਜੇ 19 ਜੀ ਈ 1835), ਜਿਸ ਨੂੰ ਡਰਾਈਵਰ ਬਾਬੂ ਰਾਮ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਡਵਿੰਡੀ ਵਾਲਾ ਰੇਲਵੇ ਫਾਟਕ ਮੁਰੰਮਤ ਕਾਰਨ ਬੰਦ ਹੋਣ ਕਰਕੇ ਇਹ ਟਰੱਕ ਲੋਹੀਆਂ ਖ਼ਾਸ ਰਾਹੀਂ ਸੁਲਤਾਨਪੁਰ ਲੋਧੀ ਵੱਲ ਜਾ ਰਿਹਾ ਸੀ।

ਟੱਕਰ ਕਾਰਨ ਸਕੂਟਰੀ ਦੇ ਪਿੱਛੇ ਬੈਠਾ ਗੁਰਜੋਤ ਸਿੰਘ ਸੜਕ 'ਤੇ ਡਿੱਗ ਗਿਆ ਅਤੇ ਟਰੱਕ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜਦੋਂ ਡਰਾਈਵਰ ਨੂੰ ਟਰੱਕ ਪਿੱਛੇ ਕਰਨ ਲਈ ਕਿਹਾ ਤਾਂ ਉਸ ਨੇ ਕਥਿਤ ਤੌਰ 'ਤੇ ਕਿਹਾ ਕਿ 'ਟਰੱਕ ਲੌਕ ਹੋ ਗਿਆ ਹੈ'। ਇਸ ਤੋਂ ਬਾਅਦ ਲੋਕਾਂ ਨੇ ਖੁਦ ਟਰੱਕ ਨੂੰ ਪਿੱਛੇ ਧੱਕ ਕੇ ਬੱਚੇ ਨੂੰ ਬਾਹਰ ਕੱਢਿਆ, ਪਰ ਹਸਪਤਾਲ ਲਿਜਾਂਦਿਆਂ ਉਸ ਨੇ ਦਮ ਤੋੜ ਦਿੱਤਾ।

ਪ੍ਰਸ਼ਾਸਨ ਅਤੇ ਕੰਪਨੀ ਦੀ ਲਾਪਰਵਾਹੀ ਆਈ ਸਾਹਮਣੇ 

ਸਥਾਨਕ ਲੋਕਾਂ ਅਨੁਸਾਰ ਇਸ ਹਾਦਸੇ ਦਾ ਮੁੱਖ ਕਾਰਨ ਸੜਕਾਂ ਦਾ ਰੱਖ-ਰਖਾਅ ਨਾ ਹੋਣਾ ਅਤੇ ਹਾਈਵੇਅ 'ਤੇ ਪੁਲ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ ਹੋਣਾ ਹੈ। ਪੁਲ ਬਣਾਉਣ ਵਾਲੀ ਕੰਪਨੀ ਵੱਲੋਂ ਟਰੈਫਿਕ ਲਈ ਬਣਾਈਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਇਸ ਤੋਂ ਇਲਾਵਾ, ਦੁਕਾਨਾਂ ਜਾਂ ਪੈਟਰੋਲ ਪੰਪਾਂ ਤੋਂ ਕੰਮ ਕਰਵਾ ਕੇ ਰਾਹਗੀਰ ਅਕਸਰ ਉਲਟ ਰਸਤੇ ਦੀ ਵਰਤੋਂ ਕਰਦੇ ਹਨ, ਜੋ ਅਕਸਰ ਹਾਦਸਿਆਂ ਦਾ ਸਬੱਬ ਬਣਦੇ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਅਤੇ ਸਕੂਟਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


author

Rakesh

Content Editor

Related News