ਮਿਡ-ਡੇ ਮੀਲ ਮੁਲਾਜ਼ਮਾਂ ਤੇ ਕੁੱਕ ਵਰਕਰਾਂ ਵੱਲੋਂ ਸੂਬਾ ਪੱਧਰੀ ਰੈਲੀ ਅੱਜ

12/09/2017 1:22:12 PM


ਤਰਨਤਾਰਨ (ਆਹਲੂਵਾਲੀਆ) - ਆਪਣੀਆਂ ਹੱਕੀ ਮੰਗਾਂ ਦਾ ਹੱਲ ਨਾ ਹੁੰਦਾ ਵੇਖ ਕੇ ਮਿਡ-ਡੇ ਮੀਲ ਦਫਤਰੀ ਮੁਲਾਜ਼ਮਾਂ ਤੇ ਕੁੱਕ ਵਰਕਰਾਂ ਨੇ 'ਮਾਣਭੱਤਾ, ਕੱਚਾ ਤੇ ਕੰਟਰੈਕਟ ਮੁਲਾਜ਼ਮ' ਦੇ ਬੈਨਰ ਹੇਠ ਸਰਕਾਰ ਖਿਲਾਫ 9 ਦਸੰਬਰ ਨੂੰ ਜਲੰਧਰ ਦੇ ਡੀ. ਸੀ. ਦਫਤਰ ਸਾਹਮਣੇ ਸੂਬਾ ਪੱਧਰੀ ਰੈਲੀ ਤੋਂ ਬਾਅਦ ਸ਼ਹਿਰ 'ਚ ਰੋਸ ਰੈਲੀ ਕੱਢਣ ਦਾ ਐਲਾਨ ਕੀਤਾ ਹੈ। 
ਜਾਣਕਾਰੀ ਦਿੰਦਿਆਂ ਮਿਡ-ਡੇ ਮੀਲ ਦਫਤਰੀ ਮੁਲਾਜ਼ਮਾਂ ਅਤੇ ਕੁੱਕ ਵਰਕਰਾਂ ਦੇ ਸੂਬਾਈ ਆਗੂਆਂ ਪ੍ਰਵੀਨ ਸ਼ਰਮਾ ਜੋਗੀਪੁਰ ਤੇ ਲਖਵਿੰਦਰ ਕੌਰ ਫਰੀਦਕੋਟ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਇਨ੍ਹਾਂ ਮੁਲਾਜ਼ਮਾਂ ਅਤੇ ਕੁੱਕ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਸਾਲ 2009 ਤੋਂ ਮਿਡ-ਡੇ ਮੀਲ ਤਹਿਤ ਕੰਮ ਕਰਦੇ ਮੁਲਾਜ਼ਮ ਸੇਵਾ ਨਿਯਮਾਂ ਮੁਤਾਬਕ ਲਿਖਤੀ ਟੈਸਟ ਅਤੇ ਮੈਰਿਟ ਦੇ ਆਧਾਰ 'ਤੇ ਭਰਤੀ ਕੀਤੇ ਗਏ ਸਨ। ਲੰਬੇ ਵਕਫੇ ਬਾਅਦ ਮਿਡ-ਡੇ ਮੀਲ ਕੁੱਕ ਵਰਕਰਾਂ ਨੂੰ ਪਹਿਲਾਂ ਤੋਂ ਮਿਲਦੀ 1200 ਰੁਪਏ ਮਾਸਿਕ ਤਨਖਾਹ 'ਚ ਸਿਰਫ 500 ਰੁਪਏ ਦਾ ਵਾਧਾ ਕਰ ਕੇ ਕੋਝਾ ਮਜ਼ਾਕ ਕੀਤਾ ਗਿਆ ਹੈ, ਜਦਕਿ ਗੁਆਂਢੀ ਸੂਬੇ ਹਰਿਆਣਾ 'ਚ ਇਨ੍ਹਾਂ ਕੁੱਕ ਵਰਕਰਾਂ ਨੂੰ 2500 ਰੁਪਏ ਅਤੇ ਕਈ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਿਵੇਂ ਲਕਸ਼ਦੀਪ ਤੇ ਪੁਡੂਚੇਰੀ 'ਚ 9000 ਰੁਪਏ ਪ੍ਰਤੀ ਮਹੀਨਾ ਤੱਕ ਮਾਣਭੱਤਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਕੁੱਕ ਵਰਕਰਾਂ ਨੂੰ ਉਕਤ ਨਾ-ਮਾਤਰ ਮਾਣਭੱਤਾ ਵੀ 12 ਮਹੀਨਿਆਂ ਦੀ ਬਜਾਏ ਸਿਰਫ 10 ਮਹੀਨਿਆਂ ਦਾ ਦੇ ਕੇ ਪੂਰੀ ਤਰ੍ਹਾਂ ਨਾਲ ਵਰਕਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕੁੱਕ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਤਨਖਾਹਾਂ ਵਿਚ ਵਾਧਾ ਕਰਨ ਤੇ ਹੋਰ ਸਹੂਲਤਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ। ਪ੍ਰੈੱਸ ਸਕੱਤਰ ਰਾਜੇਸ਼ ਵਾਟਸ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਰਕਾਰ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਲਈ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਮਿਡ-ਡੇ ਮੀਲ ਦਫਤਰੀ ਮੁਲਾਜ਼ਮਾਂ ਅਤੇ ਕੁੱਕ ਵਰਕਰਾਂ ਵੱਲੋਂ ਉਲੀਕੇ ਜਥੇਬੰਦਕ ਸੰਘਰਸ਼ ਵਜੋਂ ਡੀ. ਐੱਮ. ਐੱਫ. ਦੇ ਸਹਿਯੋਗ ਨਾਲ 9 ਦਸੰਬਰ ਨੂੰ ਜਲੰਧਰ ਦੇ ਡੀ. ਸੀ. ਦਫਤਰ ਸਾਹਮਣੇ ਸੂਬਾ ਪੱਧਰੀ ਰੈਲੀ ਕੱਢਣ ਦਾ ਐਲਾਨ ਕੀਤਾ ਹੈ।


Related News