ਉੱਚ ਪੱਧਰੀ ਜਾਂਚ ਖੋਲ੍ਹੇਗੀ GST ਭਵਨ ''ਚ ਲੱਗੀ ਭਿਆਨਕ ਅੱਗ ਦਾ ਰਾਜ਼, ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ
Friday, Jun 14, 2024 - 12:14 PM (IST)
ਜਲੰਧਰ (ਪੁਨੀਤ) - ਜੀ. ਐੱਸ. ਟੀ. ਭਵਨ ’ਚ ਅੱਗ ਲੱਗਣ ਨੂੰ ਸ਼ਾਰਟ ਸਰਕਟ ਨਾਲ ਜੋੜਿਆ ਜਾ ਰਿਹਾ ਹੈ ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਸਟੋਰ ਰੂਮ ’ਚ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਨਾ-ਮੁਮਕਿਨ ਜਾਪਦੀ ਹੈ। ਦਫ਼ਤਰ ’ਚ ਕੰਮ ਕਰਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ, ਜਿਸ ’ਚ ਅੱਗ ਲੱਗਣ ਦੇ ਕਾਰਨਾਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਇਸ ਦੀ ਕਿਸੇ ਵੱਡੇ ਅਥਾਰਿਟੀ ਤੋਂ ਜਾਂਚ ਕਰਵਾ ਲਵੇ ਤਾਂ ਅੱਗ ਲੱਗਣ ਦੇ ਕਾਰਨਾਂ ਦਾ ਸੱਚ ਸਾਹਮਣੇ ਆ ਜਾਵੇਗਾ। ਦਰਅਸਲ ਸ਼ਾਰਟ ਸਰਕਟ ਕਾਰਨ ਅੱਗ ਲੱਗੀ, ਇਸ ਦਾ ਕਾਰਨ ਸਮਝ ਨਹੀਂ ਆ ਰਿਹਾ ਹੈ। ਸਟੋਰ ਰੂਮ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ, ਜਿਸ ਕਾਰਨ ਅੱਗ ਲੱਗਣ ਦੀ ਘਟਨਾ ਹਜ਼ਮ ਨਹੀਂ ਹੋ ਰਹੀ। ਅੰਦਰ ਅੱਗ ਕਿਉਂ ਲੱਗੀ? ਇਹ ਇਕ ਵੱਡਾ ਸਵਾਲ ਹੈ। ਆਖ਼ਰ ਅੱਗ ਨਾਲ ਕਿਸ ਨੂੰ ਲਾਭ ਹੋਇਆ ਹੋਵੇਗਾ? ਇਹ ਇਕ ਹੋਰ ਵੱਡਾ ਸਵਾਲ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਦੀ ਕਿਸੇ ਵੱਡੀ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਾਂਚ ਕਿਸੇ ਜੱਜ ਦੀ ਅਗਵਾਈ ਹੇਠ ਹੋਣੀ ਚਾਹੀਦੀ ਹੈ ਤਾਂ ਜੋ ਮਾਮਲੇ ਦੀ ਪੂਰੀ ਸੱਚਾਈ ਲੋਕਾਂ ਸਾਹਮਣੇ ਆ ਸਕੇ।
ਹਾਲ ਹੀ ’ਚ ਇਕ ਸੀਨੀਅਰ ਵਿਭਾਗੀ ਅਧਿਕਾਰੀ ਬੀ. ਕੇ. ਵਿਰਦੀ ਨੂੰ ਗ੍ਰਿਫ਼ਤਾਰ ਕੀਤਾ ਜਾਮਾ ਕਈ ਵੱਡੇ ਸਵਾਲਾਂ ਨੂੰ ਜਨਮ ਦੇ ਰਹੀ ਹੈ। ਉਕਤ ਅਧਿਕਾਰੀ ਜਲੰਧਰ ’ਚ ਕਈ ਵੱਡੇ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕਾ ਹੈ, ਜਿਸ ਰਿਕਾਰਡ ਦੀ ਵਿਜੀਲੈਂਸ ਨੂੰ ਲੋੜ ਸੀ, ਉਹ ਇਸ ਦਫ਼ਤਰ ’ਚ ਮੌਜੂਦ ਸੀ। ਇਸ ਕਾਰਨ ਇਹ ਮਾਮਲਾ ਕਈ ਪੱਖਾਂ ਤੋਂ ਅਹਿਮ ਬਣਦਾ ਜਾ ਰਿਹਾ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਵਿਭਾਗੀ ਜਾਣਕਾਰਾਂ ਨੇ ਦੱਸਿਆ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਸੱਤਾ ਦੀਆਂ ਚਾਬੀਆਂ ‘ਆਪ’ਨੂੰ ਸੌਂਪੀਆਂ ਸਨ, ਜਿਸ ਕਾਰਨ ਲੋਕਾਂ ਨੂੰ ਸਰਕਾਰ ਤੋਂ ਕਾਫੀ ਉਮੀਦਾਂ ਹਨ। ਇਸ ਸਿਲਸਿਲੇ ’ਚ ਜੀ. ਐੱਸ. ਟੀ. ਭਵਨ ’ਚ ਅੱਗ ਲੱਗਣ ਦਾ ਮਾਮਲਾ ਕਈ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਦੀ ਜਾਂਚ ਕਰਨ ਨਾਲ ਕਈ ਸਫੈਦਪੋਸ਼ਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਜੇਕਰ ਭਗਵੰਤ ਮਾਨ ਸਰਕਾਰ ਇਸ ’ਤੇ ਗੰਭੀਰਤਾ ਦਿਖਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ ਤੇ ਸਰਕਾਰ ਲੋਕਾਂ ਦੇ ਦਿਲਾਂ ’ਚ ਇਕ ਈਮਾਨਦਾਰ ਸਰਕਾਰ ਦਾ ਅਕਸ ਹੋਰ ਮਜ਼ਬੂਤ ਕਰ ਸਕਦੀ ਹੈ।
ਇਹ ਵੀ ਪੜ੍ਹੋ- ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਤੋਂ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ
ਬਚਿਆ ਹੋਇਆ ਰਿਕਾਰਡ ਨੂੰ ਨੋਟ ਕਰਨ ਦੀ ਲੋੜ
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਬਚੇ ਰਿਕਾਰਡ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ ਅੱਗ ਦੀ ਆੜ ’ਚ ਕਈ ਤਰ੍ਹਾਂ ਦੀ ਘਪਲੇਬਾਜ਼ੀ ਹੋ ਸਕਦੀ ਹੈ। ਇਸ ਕਰ ਕੇ ਬਚੇ ਰਿਕਾਰਡ ਨੂੰ ਕਿਸੇ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਨੋਟ ਕੀਤਾ ਜਾਵੇ ਤਾਂ ਜੋ ਸਹੀ ਰਿਕਾਰਡ ਨੂੰ ਘਪਲੇ ਦੀ ਅੱਗ ਦੇ ਹਵਾਲੇ ਕਰਨ ਤੋਂ ਰੋਕਿਆ ਜਾ ਸਕੇ।
GST ਭਵਨ ’ਚ ਭਿਆਨਕ ਅੱਗ ਨਾਲ ਇਮਾਰਤ ਨੁਕਸਾਨੀ: ਨਾ ਬਿਜਲੀ, ਨਾ ਪਾਣੀ, ਕੰਮ ਪੂਰੀ ਤਰ੍ਹਾਂ ਠੱਪ, ਬਿਜਲੀ ਦੀਆਂ ਲਾਈਨਾਂ ’ਚ ਵੀ ਭਰਿਆ ਹੋਇਐ ਪਾਣੀ
ਜੀ. ਐੱਸ. ਟੀ. ਭਵਨ ’ਚ ਅੱਗ ਲੱਗਣ ਦੇ ਬਾਅਦ ਤੋਂ ਇਮਾਰਤ ’ਚ ਗਰਮੀ ਅਜੇ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਭਿਆਨਕ ਅੱਗ ਕਾਰਨ ਇਮਾਰਤ ਨੂੰ ਕਾਫੀ ਨੁਕਸਾਨ ਹੋਇਆ ਹੈ, ਜਿਸ ਦਾ ਪਤਾ ਆਉਣ ਵਾਲੇ ਸਮੇਂ 'ਚ ਲੱਗੇਗਾ। ਅੱਗ ਲੱਗਣ ਕਾਰਨ ਬਿਜਲੀ ਦੀਆਂ ਪਾਈਪਾਂ ਪਾਣੀ ਨਾਲ ਭਰ ਜਾਣ ਕਾਰਨ ਅਜੇ ਤੱਕ ਬਿਜਲੀ ਚਾਲੂ ਨਹੀਂ ਕੀਤੀ ਗਈ। ਬਿਜਲੀ ਚਾਲੂ ਕਰਨ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਇਮਾਰਤ ’ਚ ਬਿਜਲੀ ਦਾ ਕਰੰਟ ਆਉਣ ਦੀ ਪੂਰੀ ਸੰਭਾਵਨਾ ਹੈ। ਇਸ ਕਾਰਨ ਸੁਰੱਖਿਆ ਕਾਰਨਾਂ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਜਾ ਰਿਹਾ ਹੈ ਅਤੇ ਅਜੇ ਤੱਕ ਬਿਜਲੀ ਚਾਲੂ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਫੀਲਡ ਅਫ਼ਸਰਾਂ ਨੂੰ ਨਸ਼ਿਆਂ ਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਦਿੱਤੇ ਹੁਕਮ
ਆਲਮ ਇਹ ਹੈ ਕਿ ਇਮਾਰਤ ’ਚ ਨਾ ਤਾਂ ਬਿਜਲੀ ਹੈ ਤੇ ਨਾ ਹੀ ਪਾਣੀ ਹੈ ਤੇ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਕਿਉਂਕਿ ਬਿਜਲੀ ਤੋਂ ਬਿਨਾਂ ਕੋਈ ਕੰਮ ਕਰਨਾ ਸੰਭਵ ਨਹੀਂ ਹੈ। ਕਰਮਚਾਰੀ ਵੀ ਦਫ਼ਤਰ ਆ ਕੇ ਕੁਝ ਸਮਾਂ ਰੁਕਦੇ ਹਨ ਤੇ ਫਿਰ ਫੀਲਡ ’ਚ ਚਲੇ ਜਾਂਦੇ ਹਨ।
ਚੌਥੀ ਮੰਜ਼ਿਲ ’ਤੇ ਅੱਗ ਲੱਗੀ ਸੀ ਅਤੇ ਪੰਜਵੀਂ ਮੰਜ਼ਿਲ ਵੀ ਇਸ ਦੀ ਲਪੇਟ 'ਚ ਆ ਗਈ ਸੀ ਪਰ ਪੰਜਵੀਂ ਮੰਜ਼ਿਲ ’ਤੇ ਇਕ ਹੀ ਕਮਰਾ ਸੀ, ਜਦੋਂਕਿ ਸਭ ਤੋਂ ਜ਼ਿਆਦਾ ਨੁਕਸਾਨ ਚੌਥੀ ਮੰਜ਼ਿਲ ’ਤੇ ਹੋਇਆ ਹੈ। ਇਸੇ ਮੰਜ਼ਿਲ ’ਤੇ ਏ. ਟੀ. ਸੀ. (ਅਸਿ. ਕਮਿਸ਼ਨਰ), ਆਡਿਟ, ਏ. ਟੀ. ਸੀ. ਜਲੰਧਰ-3 ਦਾ ਦਫ਼ਤਰ ਹੈ। ਉੱਥੇ ਹੀ ਵਿਭਾਗ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਰਹਿਣ ਤੇ ਹਥਿਆਰ ਆਦਿ ਰੱਖਣ ਦਾ ਵੀ ਪ੍ਰਬੰਧ ਇਸ ਮੰਜ਼ਿਲ ’ਤੇ ਹੈ। ਅੱਗ ਕਾਰਨ ਚੌਥੀ ਮੰਜ਼ਿਲ ’ਤੇ ਕੰਮ ਹੋਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ। ਇਸ ਕਾਰਨ ਪੁਲਸ ਮੁਲਾਜ਼ਮ ਦਫ਼ਤਰ ਦੇ ਹੇਠਾਂ ਮੰਜਿਆਂ ’ਤੇ ਬੈਠੇ ਵੇਖੇ ਗਏ, ਜਦੋਂਕਿ ਚੌਥੀ ਮੰਜ਼ਿਲ ’ਤੇ ਸਥਿਤ ਦਫ਼ਤਰੀ ਕਰਮਚਾਰੀ ਦੂਜੇ ਦਫ਼ਤਰਾਂ ’ਚ ਬੈਠ ਕੇ ਸਮਾਂ ਬਤੀਤ ਕਰ ਰਹੇ ਸਨ। ਅੱਗ ਬੁਝਾਉਣ ਦੇ ਬਾਵਜੂਦ ਫਾਇਰ ਬ੍ਰਿਗੇਡ ਕਰਮਚਾਰੀ ਆਪਣਾ ਕੰਮ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਇਮਾਰਤ ਪਾਣੀ ਨਾਲ ਭਰੀ ਹੋਈ ਹੈ, ਜਿਸ ਕਾਰਨ ਉਥੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ।
ਇਹ ਵੀ ਪੜ੍ਹੋ- ਸਾਵਧਾਨ! ਫਰਜ਼ੀ ਸਿੱਖਿਆ ਅਧਿਕਾਰੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਜਾਲ 'ਚ ਫਸਾ ਇੰਝ ਕੀਤੀ ਕਰੋੜਾਂ ਦੀ ਠੱਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।