Fack Check: ਹੈਲੀਕਾਪਟਰ 'ਤੇ ਝੂਲਦੇ ਸ਼ਖਸ ਦਾ ਹੈਰਤਅੰਗੇਜ਼ ਵੀਡੀਓ PM ਮੋਦੀ ਦੀ ਰੈਲੀ ਦਾ ਨਹੀਂ, ਸਗੋਂ ਕੀਨੀਆ ਦਾ ਹੈ

Tuesday, May 28, 2024 - 02:49 PM (IST)

Fack Check: ਹੈਲੀਕਾਪਟਰ 'ਤੇ ਝੂਲਦੇ ਸ਼ਖਸ ਦਾ ਹੈਰਤਅੰਗੇਜ਼ ਵੀਡੀਓ PM ਮੋਦੀ ਦੀ ਰੈਲੀ ਦਾ ਨਹੀਂ, ਸਗੋਂ ਕੀਨੀਆ ਦਾ ਹੈ

Fact Check By AajTak

ਨਵੀਂ ਦਿੱਲੀ- 2024 ਦੀਆਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਵੱਡੇ-ਵੱਡੇ ਆਗੂ ਹਰ ਰੋਜ਼ ਹੈਲੀਕਾਪਟਰਾਂ 'ਚ ਉਡਾਣ ਭਰ ਕੇ ਰੈਲੀਆਂ ਕਰਨ ਜਾ ਰਹੇ ਹਨ। ਅਜਿਹੇ 'ਚ ਹੈਲੀਕਾਪਟਰ 'ਤੇ ਲਟਕਦੇ ਇਕ ਸ਼ਖ਼ਸ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਲੋਕਾਂ ਦੀ ਮੰਨੀਏ ਤਾਂ ਇਹ ਦ੍ਰਿਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਹੈ, ਜਿੱਥੇ ਇਕ ਸ਼ਖ਼ਸ ਉਨ੍ਹਾਂ ਦੇ ਹੈਲੀਕਾਪਟਰ ਨੂੰ ਫੜ ਕੇ ਹਵਾ ਵਿਚ ਲਟਕ ਗਿਆ। 

PunjabKesari

ਵੀਡੀਓ 'ਚ ਇਕ ਖੁੱਲ੍ਹੇ ਮੈਦਾਨ 'ਚ ਲੋਕਾਂ ਦੀ ਭੀੜ ਵਿਚਕਾਰ ਹੈਲੀਕਾਪਟਰ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਇਹ ਹੈਲੀਕਾਪਟਰ ਉੱਡਣਾ ਸ਼ੁਰੂ ਕਰਦਾ ਹੈ, ਕੁਝ ਲੋਕ ਇਸ ਦੇ ਹੇਠਾਂ ਲਟਕਣ ਦੀ ਕੋਸ਼ਿਸ਼ ਕਰਨ ਲੱਗਦੇ ਹਨ। ਹੈਲੀਕਾਪਟਰ ਦੇ ਉਡਾਣ ਭਰਦੇ ਹੀ ਇਹ ਲੋਕ ਹੇਠਾਂ ਡਿੱਗਣ ਲੱਗਦੇ ਹਨ ਹੈ ਪਰ ਇਕ ਵਿਅਕਤੀ ਟਸ ਤੋਂ ਮਸ ਨਹੀਂ ਹੁੰਦਾ ਅਤੇ ਹੈਲੀਕਾਪਟਰ ਨਾਲ ਝੂਲਦਾ ਹੋਇਆ ਕਾਫੀ ਉੱਚਾਈ ਤੱਕ ਚਲਾ ਜਾਂਦਾ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਇਕ ਵਿਅਕਤੀ ਨੇ ਲਿਖਿਆ, ''ਜਦੋਂ ਮੋਦੀ ਇਕ ਸਭਾ ਕਰਨ ਆਏ ਸਨ ਤਾਂ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਇਕ ਅੰਧ ਭਗਤ ਆਪਣੇ ਆਪ ਨੂੰ ਰੋਕ ਨਹੀਂ ਸਕਿਆ।' ਵੀਡੀਓ ਨੂੰ ਭਾਰਤ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਅਜਿਹੇ ਹੀ ਇਕ ਪੋਸਟ ਦਾ ਪੁਰਾਲੇਖ ਸੰਸਕਰਣ ਇੱਥੇ ਵੇਖਿਆ ਜਾ ਸਕਦਾ ਹੈ।'' 'ਆਜਤੱਕ ਫੈਕਟ ਚੈਕ' ਨੇ ਵੇਖਿਆ ਕਿ ਇਹ ਵੀਡੀਓ ਭਾਰਤ ਦਾ ਹੈ ਹੀ ਨਹੀਂ। ਦਰਅਸਲ ਇਹ ਵੀਡੀਓ ਕੀਨੀਆ ਵਿਚ ਸਾਲ 2016 'ਚ ਵਾਪਰੀ ਇਕ ਘਟਨਾ ਦਾ ਹੈ। 

PunjabKesari

ਕਿਵੇਂ ਪਤਾ ਲਾਈ ਸੱਚਾਈ?

ਵੀਡੀਓ ਦੇ ਕੀਫਰੇਮਸ ਨੂੰ ਰਿਵਰਸ ਸਰਚ ਜ਼ਰੀਏ ਲੱਭਣ 'ਤੇ ਸਾਨੂੰ ਸਾਲ 2016 ਦੀ ਇਕ ਰਿਪੋਰਟ ਮਿਲੀ। ਇਸ ਦੇ ਮੁਤਾਬਕ ਇਹ ਘਟਨਾ ਕੀਨੀਆ ਦੀ ਹੈ, ਜਿੱਥੇ  ‘Saleh Wanjala’ ਨਾਂ ਦਾ ਇਹ ਵਿਅਕਤੀ ਹੈਲੀਕਾਪਟਰ ਫੜ ਕੇ ਉਸ ਨਾਲ ਹਵਾ 'ਚ ਉਡ ਗਿਆ ਸੀ। ਇਹ ਘਟਨਾ ਕੀਨੀਆ ਦੇ ਬੁੰਗੋਮਾ ਸੂਬੇ 'ਚ ਇਕ ਸੋਗ ਸਮਾਗਮ ਦੌਰਾਨ ਵਾਪਰੀ ਸੀ। ਰਿਪੋਰਟ ਵਿਚ ਇਸ ਘਟਨਾ ਦਾ ਇਕ ਦੂਜੇ ਐਂਗਲ ਤੋਂ ਬਣਾਈ ਗਈ ਵੀਡੀਓ ਵੀ ਹੈ, ਜਿਸ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।

ਇਸ ਜਾਣਕਾਰੀ ਦੀ ਮਦਦ ਨਾਲ ਸਾਨੂੰ ਇਸ ਘਟਨਾ ਨਾਲ ਜੁੜੀ ਹੋਰ ਵੀ ਕਈ ਰਿਪੋਰਟਾਂ ਮਿਲੀਆਂ ਹਨ। ਦਰਅਸਲ, 13 ਮਈ 2016 ਨੂੰ  'ਜੈਕਬ ਜੁਮਾ' ਨਾਮ ਦੇ ਇਕ ਕੀਨੀਆਈ ਕਾਰੋਬਾਰੀ ਲਈ ਬੁੰਗੋਮਾ ਵਿਚ ਇਕ ਜਨਤਕ ਸੋਗ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਇਹ ਹੈਲੀਕਾਪਟਰ ਉਸ ਦੀ ਦੇਹ ਨੂੰ ਇਸ ਮੈਦਾਨ 'ਤੇ ਲੈ ਕੇ ਆਇਆ ਸੀ, ਜਿੱਥੇ ਉਸ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ।

ਸੋਗ ਸਮਾਗਮ ਤੋਂ ਬਾਅਦ ਜਦੋਂ ਹੈਲੀਕਾਪਟਰ ਨੇ ਮੈਦਾਨ ਤੋਂ ਉਡਾਣ ਭਰੀ ਤਾਂ ਇਕ ਵਿਅਕਤੀ ਇਸ ਦੀ 'ਲੈਂਡਿੰਗ ਸਕਿਡ' 'ਤੇ ਲਟਕ ਗਿਆ ਲੋਕਾਂ ਦੀਆਂ ਚੀਕਾਂ ਵਿਚਕਾਰ ਹੈਲੀਕਾਪਟਰ ਨੇ ਜ਼ਮੀਨ ਦੇ ਨੇੜੇ ਜਾ ਕੇ ਇਸ ਵਿਅਕਤੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕਰੀਬ 2 ਕਿਲੋਮੀਟਰ ਤੱਕ ਇਹ ਵਿਅਕਤੀ ਹੈਲੀਕਾਪਟਰ ਨਾਲ ਉੱਡਦਾ ਰਿਹਾ। ਆਖਰਕਾਰ ਜਦੋਂ ਇਹ ਵਿਅਕਤੀ ਹੈਲੀਕਾਪਟਰ ਤੋਂ ਡਿੱਗਿਆ ਤਾਂ ਉਸ ਦੇ ਹੱਥਾਂ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਕੁਝ ਅਣਪਛਾਤੇ ਲੋਕਾਂ ਨੇ ‘Jacob Juma’ ਦੀ ਕਾਰ 'ਤੇ 6 ਮਈ ਨੂੰ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਸੀ। ਕੀਨੀਆਈ ਕਾਰੋਬਾਰੀ ਜੈਕਬ ਸਰਕਾਰ ਦੀ ਆਲੋਚਕ ਸੀ। ਇਸ ਕਾਰਨ ਵਿਰੋਧੀ ਆਗੂਆਂ ਨੇ ਉਥੋਂ ਦੀ ਪੁਲਸ ’ਤੇ ਉਸ ਦਾ ਕਤਲ ਕਰਵਾਉਣ ਦੇ ਦੋਸ਼ ਲਾਏ ਸਨ, ਜਿਸ ਕਾਰਨ ਕਾਫੀ ਵਿਵਾਦ ਹੋਇਆ ਸੀ। ਬੁੰਗੋਮਾ ਅਦਾਲਤ ਵਿਚ 'Saleh Wanjala' 'ਤੇ ਆਪਣੀ ਅਤੇ ਹੈਲੀਕਾਪਟਰ ਉਡਾ ਰਹੇ ਪਾਇਲਟ ਦੀ ਜਾਨ ਖ਼ਤਰੇ ਵਿਚ ਪਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਕੀਨੀਆ ਦੇ ਕਈ ਮੀਡੀਆ ਆਉਟਲੈਟਸ ਨੇ ਇਹੀ ਜਾਣਕਾਰੀ ਦਿੰਦੇ ਹੋਏ ਇਸ ਘਟਨਾ ਦੇ ਕਈ ਵੀਡੀਓ ਸ਼ੇਅਰ ਕੀਤੇ ਸਨ। ਜ਼ਾਹਿਰ ਹੈ ਕਿ 2016 ਵਿਚ ਕੀਨੀਆ ਵਿਚ ਵਾਪਰੀ ਇਕ ਘਟਨਾ ਦੀ ਵੀਡੀਓ ਨੂੰ ਚੋਣਾਂ ਦਰਮਿਆਨ ਪੀ. ਐੱਮ. ਮੋਦੀ ਦੀ ਰੈਲੀ ਦਾ ਦੱਸਦੇ ਹੋਏ ਗੁੰਮਰਾਹਕੁੰਨ ਦਾਅਵਾ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ AajTak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

Tanu

Content Editor

Related News