ਵਨ ਡੇ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੈ ਮਿਸ਼ੇਲ ਸਟਾਰਕ!

05/27/2024 7:45:01 PM

ਚੇਨਈ, (ਭਾਸ਼ਾ)– ਰਾਸ਼ਟਰੀ ਟੀਮ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਕਾਰਨ ਲੱਗਭਗ ਇਕ ਦਹਾਕੇ ਤਕ ਲੁਭਾਵਨੀ ਨਿੱਜੀ ਲੀਗ ਦੇ ਖਿੱਚ ਦੇ ਕੇਂਦਰ ’ਚੋਂ ਬਚਣ ਵਾਲੇ ਆਸਟ੍ਰੇਲੀਅਨ ਤੇਜ਼ ਗੇਂਦਬਾਜ ਮਿਸ਼ੇਲ ਸਟਾਰਕ ਨੇ ਸੰਕੇਤ ਦਿਤਾ ਹੈ ਕਿ ਉਹ ਆਪਣੇ ਪ੍ਰੋਗਰਾਮ ਵਿਚ ਜ਼ਿਆਦਾ ਫ੍ਰੈਂਚਾਈਜ਼ੀ ਕ੍ਰਿਕਟ ਨੂੰ ਸ਼ਾਮਲ ਕਰਨ ਲਈ ਇਕ ਸਵਰੂਪ ਨੂੰ ਛੱਡ ਸਕਦਾ ਹੈ। ਹਾਲਾਂਕਿ ਇਸ 34 ਸਾਲਾ ਤੇਜ਼ ਗੇਂਦਬਾਜ਼ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਸਵਰੂਪ ਨੂੰ ਛੱਡਣਾ ਚਾਹੁੰਦਾ ਹੈ ਪਰ ਇਹ ਦੇਖਦੇ ਹੋਏ ਕਿ ਅਗਲਾ 50 ਓਵਰਾਂ ਦਾ ਵਿਸ਼ਵ ਕੱਪ 2027 ਵਿਚ ਹੋਵੇਗਾ, ਸੰਭਾਵਨਾ ਹੈ ਕਿ ਇਹ ਵਨ ਡੇ ਸਵਰੂਪ ਹੋਵੇਗਾ।

ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਸਟਾਰਕ ਨੂੰ ਨਿਲਾਮੀ ਵਿਚ ਰਿਕਾਰਡ 24.75 ਕਰੋੜ ਰੁਪਏ ਵਿਚ ਖਰੀਦਿਆ ਸੀ ਤੇ ਉਸ ਨੇ ਹਾਲ ਹੀ ਵਿਚ ਖਤਮ ਆਈ. ਪੀ. ਐੱਲ. 2024 ਦੇ ਅੰਤ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਦੋ ਨਾਕਆਊਟ ਮੈਚਾਂ ਵਿਚ 5 ਵਿਕਟਾਂ ਸਮੇਤ ਟੂਰਨਾਮੈਂਟ ਵਿਚ ਕੁਲ 17 ਵਿਕਟਾਂ ਲੈ ਕੇ ਸ਼ਾਹਰੁਖ ਖਾਨ ਦੇ ਮਾਲਕਾਨਾ ਹੱਕ ਵਾਲੀ ਟੀਮ ਦੀ ਖਿਤਾਬੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਫ੍ਰੈਂਚਾਈਜ਼ੀ ਕ੍ਰਿਕਟ ਵਿਚ ਆਪਣੇ ਸਰਵਸ੍ਰੇਸ਼ਠ ਸਾਲ ਤੋਂ ਬਾਅਦ ਇਕ ਸਵਾਲ ’ਤੇ ਕਿ ਉਹ ਇਸ ਨੂੰ ਇੱਥੋਂ ਕਿਵੇਂ ਵਧਾਵੇਗਾ, ਸਟਾਰਕ ਨੇ ਸੰਕੇਤ ਦਿੱਤਾ ਕਿ ਟੀ-20 ਨੂੰ ਉਸਦੇ ਪ੍ਰੋਗਰਾਮ ਵਿਚ ਪ੍ਰਮੁੱਖਤਾ ਮਿਲ ਸਕਦੀ ਹੈ।

ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਫਾਈਨਲ ਵਿਚ 14 ਦੌੜਾਂ ਦੇ ਕੇ 2 ਵਿਕਟਾਂ ਲੈਣ ਵਾਲੇ ਸਟਾਰਕ ਨੇ ਕੇ. ਕੇ. ਆਰ. ਦੀ ਖਿਤਾਬੀ ਜਿੱਤ ਤੋਂ ਬਾਅਦ ਕਿਹਾ,‘‘ਪਿਛਲੇ 9 ਸਾਲਾਂ ਵਿਚ ਮੈਂ ਨਿਸ਼ਚਿਤ ਰੂਪ ਨਾਲ ਆਸਟ੍ਰੇਲੀਆਈ ਕ੍ਰਿਕਟ ਨੂੰ ਪਹਿਲ ਦਿੱਤੀ ਹੈ। ਮੈਂ ਆਪਣੇ ਸਰੀਰ ਨੂੰ ਆਰਾਮ ਦੇਣ ਤੇ ਕ੍ਰਿਕਟ ਤੋਂ ਦੂਰ ਆਪਣੀ ਪਤਨੀ ਦੇ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਹਾਸਲ ਕਰਨ ਲਈ ਜ਼ਿਆਦਾਤਰ ਇਨ੍ਹਾਂ ਟੂਰਨਾਮੈਂਟਾਂ ’ਚੋਂ ਹਟ ਗਿਆ, ਇਸ ਲਈ ਨਿਸ਼ਚਿਤ ਰੂਪ ਨਾਲ ਪਿਛਲੇ 9 ਸਾਲਾਂ ਵਿਚ ਮੇਰਾ ਦਿਮਾਗ ਇਸੇ ’ਤੇ ਕੇਂਦ੍ਰਿਤ ਰਿਹਾ ਹੈ।’’

ਉਸ ਨੇ ਕਿਹਾ, ‘‘ਮੈਂ ਨਿਸ਼ਚਿਤ ਰੂਪ ਨਾਲ ਆਪਣੇ ਕਰੀਅਰ ਦੇ ਅੰਤ ਦੇ ਨੇੜੇ ਹਾਂ। ਇਕ ਸਵਰੂਪ ਨੂੰ ਹਟਾਇਆ ਜਾ ਸਕਦਾ ਹੈ ਕਿਉਂਕਿ ਅਗਲੇ ਵਿਸ਼ਵ ਕੱਪ ਤਕ ਅਜੇ ਕਾਫੀ ਸਮਾਂ ਹੈ ਤੇ ਚਾਹੇ ਉਹ ਸਵਰੂਪ ਹਟੇ ਜਾਂ ਨਾ, ਇਸ ਨਾਲ ਕਾਫੀ ਫ੍ਰੈਂਚਾਈਜ਼ੀ ਕ੍ਰਿਕਟ ਲਈ ਦਰਵਾਜੇ ਖੁਲ੍ਹ ਜਾਣਗੇ।’’ ਸਟਾਰਕ ਨੇ ਕਿਹਾ ਕਿ ਇਸ ਸਾਲ ਦੇ ਆਈ. ਪੀ. ਐੱਲ. ਨਾਲ ਉਸ ਨੂੰ ਵੈਸਟਇੰਡੀਜ਼ ਵਿਚ 1 ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਵਿਚ ਮਦਦ ਮਿਲੀ ਹੈ।
 


Tarsem Singh

Content Editor

Related News