ਕਾਂਗਰਸ ਵੱਲੋਂ ਸੂਬਾ ਪ੍ਰਧਾਨ ਵੜਿੰਗ ਤੇ ਸਾਬਕਾ ਉੱਪ-ਮੁੱਖ ਮੰਤਰੀ ਰੰਧਾਵਾ ਨੂੰ ਚੋਣ ਮੈਦਾਨ ’ਚ ਉਤਾਰਨਾ ਰਿਹਾ ਫਾਇਦੇਮੰਦ

06/05/2024 4:17:43 PM

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ’ਚ ਕਾਂਗਰਸ ਦਾ ਹਮੇਸ਼ਾ ਕੋਰ ਵੋਟ ਬੈਂਕ ਰਹੇ ਹਿੰਦੂ ਸਮਾਜ ਦੀਆਂ ਵੋਟਾਂ ਭਾਜਪਾ ਵੱਲ ਸ਼ਿਫਟ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨੇ 13 ’ਚੋਂ 7 ਸੀਟਾਂ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਕਾਂਗਰਸ ਪਾਰਟੀ ਦੀ ਰਣਨੀਤੀ ਬੇਹੱਦ ਕਾਰਗਰ ਸਫਲ ਹੋਈ। ਪਾਰਟੀ ਵੱਲੋਂ ਟਿਕਟਾਂ ਦੀ ਕੀਤੀ ਗਈ ਵੰਡ ਦਾ ਕਾਂਗਰਸ ਨੂੰ ਲਾਭ ਮਿਲਿਆ। ਹਾਈਕਮਾਂਡ ਨੇ ਵੱਡੇ ਚਿਹਰੇ ਚੋਣ ਮੈਦਾਨ ’ਚ ਉਤਾਰ ਕੇ ਸਪੱਸ਼ਟ ਸੰਕੇਤ ਦਿੱਤੇ ਕਿ ਪੰਜਾਬ ’ਚ ਕਾਂਗਰਸ ਪਾਰਟੀ ਬੇਹੱਦ ਗੰਭੀਰ ਹੈ। ਜੇਕਰ ਪਾਰਟੀ ਲੁਧਿਆਣਾ ਤੋਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਦਾਸਪੁਰ ਤੋਂ ਸਾਬਕਾ ਉੱਪ-ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਣ ਮੈਦਾਨ ’ਚ ਨਾ ਉਤਾਰਦੀ ਤਾਂ ਸ਼ਾਇਦ ਪਾਰਟੀ ਨੂੰ ਇੰਨੀ ਵੱਡੀ ਸਫਲਤਾ ਨਾ ਮਿਲਦੀ। ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਦੇ ਚੋਣ ਮੈਦਾਨ ’ਚ ਉਤਰਨ ਨਾਲ ਪਾਰਟੀ ਵਰਕਰਾਂ ’ਚ ਜੋਸ਼ ਭਰ ਗਿਆ ਅਤੇ ਇਨ੍ਹਾਂ ਦੋਵਾਂ ਆਗੂਆਂ ਨੇ ਜ਼ਬਰਦਸਤ ਮਿਹਨਤ ਨਾਲ ਚੋਣ ਲਡ਼ੀ। ਹਾਲਾਂਕਿ ਲੁਧਿਆਣਾ ’ਚ ਪ੍ਰਵਾਸੀ ਵੋਟਰ ਲੱਖਾਂ ਦੀ ਗਿਣਤੀ ’ਚ ਹਨ, ਜਿਸ ਕਰ ਕੇ ਚੋਣ ਪ੍ਰਚਾਰ ਦੇ ਆਖਰੀ ਦਿਨ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਸ਼ੇਸ਼ ਤੌਰ ’ਤੇ ਆਏ ਸਨ ਅਤੇ ਉਨ੍ਹਾਂ ਰਵਨੀਤ ਸਿੰਘ ਬਿੱਟੂ ਦੇ ਹੱਕ ’ਚ ਜ਼ਬਰਦਸਤ ਪ੍ਰਚਾਰ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ :  Live Update : ਆ ਗਏ ਫਾਈਨਲ ਨਤੀਜੇ, ਦੇਖੋ ਕਿਸਦੀ ਝੋਲੀ ਪਈ ਜਿੱਤ

ਇਸੇ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਲੁਧਿਆਣਾ ’ਚ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਮੰਚ ਤੋਂ ਕਿਹਾ ਸੀ ਕਿ ਰਵਨੀਤ ਸਿੰਘ ਬਿੱਟੂ ਉਨ੍ਹਾਂ ਦੇ ਦੋਸਤ ਹਨ। ਜੇਕਰ ਲੁਧਿਆਣਾ ਨਿਵਾਸੀ ਬਿੱਟੂ ਨੂੰ ਜਿਤਾਉਂਦੇ ਹਨ ਤਾਂ ਕੇਂਦਰ ’ਚ ਉਸ ਨੂੰ ਵੱਡੀ ਪੁਜ਼ੀਸ਼ਨ ਦਿੱਤੀ ਜਾਵੇਗੀ। ਗੁਰਦਾਸਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਕੀਤੀ ਸੀ। ਰਵਨੀਤ ਬਿੱਟੂ ਖ਼ਿਲਾਫ਼ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਹਮਲਾਵਰ ਰੁਖ ਅਖਤਿਆਰ ਕੀਤਾ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਈ ਵਾਰ ਕਿਹਾ ਕਿ ਬਿੱਟੂ ਨੂੰ ਹਰ ਹਾਲਤ ’ਚ ਹਰਾਇਆ ਜਾਵੇਗਾ ਕਿਉਂਕਿ ਉਸ ਨੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਿਆ ਹੈ। ਇਸੇ ਤਰ੍ਹਾਂ ਬਿੱਟੂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾ ਕੇ ਸੰਸਦ ’ਚ ਪਹੁੰਚਾਉਣ ਵਾਲੇ ਰਾਹੁਲ ਗਾਂਧੀ ਵੀ ਵਿਸ਼ੇਸ਼ ਤੌਰ ’ਤੇ ਲੁਧਿਆਣਾ ਰੈਲੀ ਵਿਚ ਬਿੱਟੂ ਦੇ ਖ਼ਿਲਾਫ਼ ਨਜ਼ਰ ਆਏ। ਸੁਖਜਿੰਦਰ ਸਿੰਘ ਰੰਧਾਵਾ ਮੌਜੂਦਾ ਸਮੇਂ ਮਾਝੇ ਦੀ ਕਾਂਗਰਸ ਦਾ ਵੱਡਾ ਚਿਹਰਾ ਬਣ ਗਏ ਹਨ। ਜਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ’ਚ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਦੀ ਜਰਨੈਲੀ ਭੂਮਿਕਾ ’ਚ ਸੁਖਜਿੰਦਰ ਸਿੰਘ ਰੰਧਾਵਾ ਆ ਗਏ ਅਤੇ ਉਨ੍ਹਾਂ ਪਾਰਟੀ ਵੱਲੋਂ ਦਿੱਤੇ ਗਏ ਮਿਸ਼ਨ ਨੂੰ ਪੂਰਾ ਕੀਤਾ।

PunjabKesari

ਜੇਕਰ ਪਾਰਟੀ ਲੁਧਿਆਣਾ ਤੋਂ ਵੜਿੰਗ ਦੀ ਜਗ੍ਹਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਦੇ ਦਿੰਦੀ ਤਾਂ ਆਸ਼ੂ ਬਿੱਟੂ ਨੂੰ ਇੰਨੀ ਜ਼ਬਰਦਸਤ ਟੱਕਰ ਨਹੀਂ ਦੇ ਸਕਦੇ ਸਨ। ਕਾਂਗਰਸ ਨੇ ਸੂਬੇ ਦੇ ਆਪਣੇ ਦੋਵੇਂ ਵੱਡੇ ਲੀਡਰਾਂ ਨੂੰ ਵਿਧਾਇਕ ਹੋਣ ਦੇ ਬਾਵਜੂਦ ਵੀ ਚੋਣ ਮੈਦਾਨ ’ਚ ਉਤਾਰ ਕੇ ਸਪੱਸ਼ਟ ਸੰਦੇਸ਼ ਦਿੱਤਾ ਕਿ ਪਾਰਟੀ ਪੰਜਾਬ ਨੂੰ ਲੈ ਕੇ ਗੰਭੀਰ ਹੈ। ਬੇਸ਼ੱਕ ਕਾਂਗਰਸ ਦਾ ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ’ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਸੀ ਪਰ ਪੰਜਾਬ ’ਚ ਉਨ੍ਹਾਂ ਆਪਣੇ ਵੱਡੇ ਲੀਡਰ ਖੜ੍ਹੇ ਕਰ ਕੇ ਆਪਣੇ ਵਰਕਰਾਂ ਨੂੰ ਸੰਦੇਸ਼ ਦਿੱਤਾ ਕਿ ਪੰਜਾਬ ਕਾਂਗਰਸ ਲਈ ‘ਆਪ’ ਅਤੇ ਭਾਜਪਾ ਇਕ ਬਰਾਬਰ ਹਨ। ਉਹ ਦੋਵਾਂ ਦੇ ਖ਼ਿਲਾਫ਼ ਡਟ ਕੇ ਲੜੇਗੀ। ਦੋਵੇਂ ਵੱਡੇ ਆਗੂਆਂ ਦੇ ਮੈਦਾਨ ’ਚ ਆਉਣ ਨਾਲ ਕਾਂਗਰਸੀ ਵਰਕਰਾਂ ’ਚ ਜੋਸ਼ ਭਰ ਗਿਆ। ਵਰਕਰਾਂ ਨੇ ਇਕਜੁੱਟ ਹੋ ਕੇ ਪਾਰਟੀ ਲਈ ਕੰਮ ਕੀਤਾ, ਜਿਸ ਦਾ ਲਾਭ ਨਤੀਜਿਆਂ ਦੇ ਰੂਪ ’ਚ ਪਾਰਟੀ ਨੂੰ ਹਾਸਲ ਹੋਇਆ।

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News