ਲੋਕ ਸਭਾ ਚੋਣਾਂ 'ਚ ਹੁੱਡਾ ਦੀ ਸਰਦਾਰੀ! ਹਾਈਕਮਾਨ ਲੈ ਸਕਦੀ ਹੈ ਕੋਈ ਵੱਡਾ ਫ਼ੈਸਲਾ

06/17/2024 4:17:50 PM

ਅੰਬਾਲਾ (ਸੁਮਨ ਭਟਨਾਗਰ) - ਲੋਕ ਸਭਾ ਚੋਣਾਂ 'ਚ ਕਾਂਗਰਸ ਹਾਈਕਮਾਂਡ ਨੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਨੂੰ ਜ਼ਿਆਦਾ ਮਹੱਤਵ ਦਿੰਦੇ ਹੋਏ ਉਨ੍ਹਾਂ ਦੇ ਸਮਰਥਕ ਨੇਤਾਵਾਂ ਨੂੰ 8 ਟਿਕਟਾਂ ਦੇ ਦਿੱਤੀਆਂ ਹਨ, ਜਦਕਿ ਦੂਜੇ ਖੇਮੇ 'ਚੋਂ ਸਿਰਫ਼ ਇਕ ਸੀਟ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਦਿੱਤੀ ਹੈ। ਹਰਿਆਣਾ ਵਿੱਚ ਇੰਡੀਆ ਗਠਜੋੜ ਦੇ ਤਹਿਤ ਕੁਰੂਕਸ਼ੇਤਰ ਦੀ ਸੀਟ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਸੀ ਅਤੇ 9 ਸੀਟਾਂ ਕਾਂਗਰਸ ਦੇ ਹਿੱਸੇ ਆਈਆਂ ਸਨ। ਕਾਂਗਰਸ ਅਤੇ ਭਾਜਪਾ ਦੋਵਾਂ ਨੇ ਪੰਜ-ਪੰਜ ਸੀਟਾਂ ਜਿੱਤੀਆਂ ਹਨ। ਹੁੱਡਾ ਜਿੱਥੇ ਆਪਣੇ 8 ਉਮੀਦਵਾਰਾਂ ਵਿੱਚੋਂ 4 ਉਮੀਦਵਾਰਾਂ ਨੂੰ ਚੋਣਾਂ ਵਿੱਚ ਜਿੱਤ ਦਿਵਾਉਣ ਵਿੱਚ ਸਫਲ ਰਹੇ, ਉਥੇ ਕੁਮਾਰੀ ਸ਼ੈਲਜਾ ਨੇ ਰਿਕਾਰਡ ਵੋਟਾਂ ਨਾਲ ਆਪਣੀ ਜਿੱਤ ਦਰਜ ਕਰਵਾਈ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਨਤੀਜਿਆਂ ਤੋਂ ਬਾਅਦ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਜੇਕਰ ਹਾਈਕਮਾਂਡ ਨੂੰ ਸਹੀ ਫੀਡਬੈਕ ਦਿੱਤਾ ਜਾਂਦਾ ਅਤੇ 'ਸੁਆਰਥੀ ਰਾਜਨੀਤੀ' ਨਾ ਕੀਤੀ ਜਾਂਦੀ ਤਾਂ ਪਾਰਟੀ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤ ਸਕਦੀ ਸੀ। ਉਨ੍ਹਾਂ ਨੇ ਭਿਵਾਨੀ-ਮਹੇਂਦਰਗੜ੍ਹ ਦੀ ਸੀਟ ਸ਼ਰੂਤੀ ਚੌਧਰੀ ਅਤੇ ਹਿਸਾਰ ਤੋਂ ਚੰਦਰ ਮੋਹਨ ਨੂੰ ਨਾ ਦੇਣ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲਗਭਗ ਇਕ ਦਹਾਕੇ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜ ਸੀਟਾਂ ਜਿੱਤਣ ਨੇ ਕਾਂਗਰਸ ਨੂੰ ਨਵਾਂ ਜੀਵਨ ਦਿੱਤਾ ਅਤੇ ਇਸ ਦੇ ਵਰਕਰਾਂ ਵਿਚ ਨਵਾਂ ਜੋਸ਼ ਭਰਿਆ ਪਰ ਹੁੱਡਾ ਅਤੇ ਸ਼ੈਲਜਾ ਕੈਂਪਾਂ ਵਿਚਲੀ ਬਣੀ ਦੂਰੀ ਘੱਟ ਨਹੀਂ ਹੋ ਸਕੀ।

ਸਿਆਸੀ ਹਲਕਿਆਂ ਵਿੱਚ ਇਸ ਗੱਲ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਦੀ ਵੰਡ ਵਿੱਚ ਹੁੱਡਾ ਦਾ ਦਬਦਬਾ ਇੱਕ ਵਾਰ ਫਿਰ ਕਾਇਮ ਰਹੇਗਾ ਜਾਂ ਪਾਰਟੀ ਹਾਈਕਮਾਂਡ ਧੜੇਬੰਦੀ ਨੂੰ ਖ਼ਤਮ ਕਰਨ ਲਈ ਪਾਰਟੀ ਹਾਈਕਮਾਂਡ ਦੋਵਾਂ ਖੇਮਿਆਂ ਨੂੰ ਉਹਨਾਂ ਦੀ ਸਿਆਸੀ ਤਾਕਤ ਦੇ ਅਨੁਪਾਤ ਵਿਚ ਇਲਾਕੇ ਅਤੇ ਸੀਟਾਂ ਦੀ ਵੰਡ ਕਰਕੇ ਆਪੋ-ਆਪਣੀਆਂ ਸੀਟਾਂ ਜਿੱਤਣ ਦੀ ਜ਼ਿੰਮੇਵਾਰੀ ਸੌਂਪੇਗੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਕਾਂਗਰਸ ਇਕਜੁੱਟ ਹੋ ਕੇ ਚੋਣ ਲੜਦੀ ਹੈ ਤਾਂ ਇਸ ਦੀਆਂ ਇਕ-ਦੋ ਸੀਟਾਂ ਹੋਰ ਨਿਕਲ ਸਕਦੀਆਂ ਹਨ। ਰੋਹਤਕ ਅਤੇ ਸਿਰਸਾ ਤੋਂ ਇਲਾਵਾ ਜ਼ਿਆਦਾਤਰ ਸੀਟਾਂ 'ਤੇ ਅੰਦਰੂਨੀ ਕਲੇਸ਼ ਦੇਖਣ ਨੂੰ ਮਿਲਿਆ। 

ਇਹ ਵੀ ਪੜ੍ਹੋ - ਵੱਡੀ ਵਾਰਦਾਤ : ਅਪਾਰਟਮੈਂਟ 'ਚੋਂ ਬਰਾਮਦ ਹੋਈਆਂ ਤਿੰਨ ਭੈਣਾਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

ਭੁਪਿੰਦਰ ਸਿੰਘ ਹੁੱਡਾ ਕੁਮਾਰੀ ਸ਼ੈਲਜਾ ਦੀ ਸਿਰਸਾ ਸੀਟ ਤੋਂ ਨਾਮਜ਼ਦਗੀ ਭਰਨ ਦੇ ਸਮੇਂ ਨਹੀਂ ਪਹੁੰਚੇ, ਜਦਕਿ ਉਹ ਆਪਣੇ ਡੇਰੇ ਦੇ ਜ਼ਿਆਦਾਤਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਮੌਜੂਦ ਸਨ। ਕੁਮਾਰੀ ਸ਼ੈਲਜਾ ਸਮਰਥਕਾਂ ਨੇ ਅੰਬਾਲਾ ਨੂੰ ਛੱਡ ਕੇ ਹੋਰ ਸੀਟਾਂ 'ਤੇ ਹੁੱਡਾ ਪੱਖੀ ਉਮੀਦਵਾਰਾਂ ਦੀ ਨਾਮਜ਼ਦਗੀ ਤੋਂ ਦੂਰੀ ਬਣਾਈ ਰੱਖੀ। ਕੁਮਾਰੀ ਸ਼ੈਲਜਾ ਦੀ ਨਾਮਜ਼ਦਗੀ ਸਮੇਂ ਰਣਦੀਪ ਸੁਰਜੇਵਾਲਾ, ਕਿਰਨ ਚੌਧਰੀ, ਵਰਿੰਦਰ ਸਿੰਘ ਅਤੇ ਚੰਦਰਮੋਹਨ ਬਿਸ਼ਨੋਈ ਜੋ ਸ਼ੈਲਜਾ ਦੇ ਕਰੀਬੀ ਮੰਨੇ ਜਾਂਦੇ ਹਨ, ਮੌਜੂਦ ਸਨ। ਹਰਿਆਣਾ ਕਾਂਗਰਸ ਦੇ ਦਿੱਗਜ ਆਗੂਆਂ ਵਿਚ ਚੱਲ ਰਹੀ ਖਿੱਚੋਤਾਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਸੂਬਾ ਕਾਂਗਰਸ ਵਿਚ ਕਈ ਨੇਤਾਵਾਂ ਦਾ ਸਿਆਸੀ ਕੱਦ ਬਰਾਬਰ ਹੈ। ਇਨ੍ਹਾਂ ਆਗੂਆਂ ਵਿੱਚ ਭੁਪਿੰਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ, ਰਣਦੀਪ ਸਿੰਘ ਸੁਰਜੇਵਾਲਾ, ਕੈਪਟਨ ਅਜੈ ਸਿੰਘ ਯਾਦਬ, ਕਿਰਨ ਚੌਧਰੀ, ਵਰਿੰਦਰ ਸਿੰਘ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ 'ਤੇ ਡਿੱਗਿਆ ਵੱਡਾ ਪੱਥਰ, 3 ਲੋਕਾਂ ਦੀ ਮੌਕੇ 'ਤੇ ਮੌਤ

ਸਾਰੇ ਨੇਤਾਵਾਂ ਦਾ ਆਪਣਾ ਪ੍ਰਭਾਵ ਅਤੇ ਸਮਰਥਨ ਆਧਾਰ ਹੈ। ਇਨ੍ਹਾਂ ਵਿੱਚੋਂ ਕੁਝ ਆਗੂਆਂ ਦੀ ਪਾਰਟੀ ਹਾਈਕਮਾਂਡ ਤੱਕ ਸਿੱਧੀ ਪਹੁੰਚ ਹੈ, ਜਦੋਂ ਕਿ ਕੁਝ ਨੂੰ ਜਾਤੀ ਸਮੀਕਰਨਾਂ ਕਾਰਨ ਤਰਜੀਹ ਦੇਣ ਦੀ ਲੋੜ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਹਾਈਕਮਾਂਡ ਸੂਬੇ 'ਚ ਚੰਗੇ ਨਤੀਜੇ ਚਾਹੁੰਦੀ ਹੈ ਤਾਂ ਚੋਣ ਕਮਾਨ ਸਮੂਹਿਕ ਲੀਡਰਸ਼ਿਪ ਨੂੰ ਸੌਂਪ ਦੇਣੀ ਚਾਹੀਦੀ ਹੈ। ਜਦਕਿ ਕਈ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਕਾਂਗਰਸ ਹੁੱਡਾ ਦੀ ਅਗਵਾਈ 'ਚ ਚੋਣ ਲੜ ਕੇ ਹੀ ਸੱਤਾ 'ਚ ਆ ਸਕਦੀ ਹੈ। ਇਸ ਤੋਂ ਪਹਿਲਾਂ 2009 'ਚ ਕਾਂਗਰਸ ਨੂੰ ਸੱਤਾ 'ਚ ਲਿਆਉਣ 'ਚ ਹੁੱਡਾ ਦੀ ਵੱਡੀ ਭੂਮਿਕਾ ਸੀ। 2019 ਵਿੱਚ ਮੋਦੀ ਦੀ ਸੁਨਾਮੀ ਦੇ ਬਾਵਜੂਦ ਸੂਬੇ ਵਿੱਚ ਕਾਂਗਰਸ ਨੇ 31 ਸੀਟਾਂ ਜਿੱਤੀਆਂ ਸਨ। ਉਸ ਸਮੇਂ ਪਾਰਟੀ ਨੇ ਮੁੱਖ ਮੰਤਰੀ ਲਈ ਕਿਸੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ ਪਰ ਹੁੱਡਾ ਦਾ ਪਾਰਟੀ ਵਿੱਚ ਦਬਦਬਾ ਸੀ।

ਕਾਂਗਰਸੀ ਹਲਕਿਆਂ ਦਾ ਕਹਿਣਾ ਹੈ ਕਿ ਆਮ ਲੋਕਾਂ ਵਿਚ ਹੁੱਡਾ ਦੇ ਚੰਗੇ ਪ੍ਰਭਾਵ ਨੂੰ ਦੇਖਦੇ ਹੋਏ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਸਕਦੀ ਹੈ ਪਰ ਪਾਰਟੀ ਦੇ ਹੋਰ ਦਿੱਗਜ਼ਾਂ ਨੂੰ ਵੀ ਉਨ੍ਹਾਂ ਦੀ ਸਿਆਸੀ ਹੈਸੀਅਤ ਮੁਤਾਬਕ ਪੂਰੀ ਅਹਿਮੀਅਤ ਦੇਣੀ ਪਵੇਗੀ। ਆਮ ਤੌਰ 'ਤੇ ਕਿਸੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿਹੜੀ ਪਾਰਟੀ ਬਹੁਮਤ ਹਾਸਲ ਕਰਦੀ ਹੈ, ਉਸ ਦੇ ਵਿਧਾਇਕ ਹੀ ਬਹੁਮਤ ਨਾਲ ਮੁੱਖ ਮੰਤਰੀ ਦੇ ਚਿਹਰਾ ਦਾ ਫ਼ੈਸਲਾ ਕਰਦੇ ਹਨ ਪਰ ਪਾਰਟੀ ਹਾਈਕਮਾਂਡ ਕੋਲ ਵੀ ਇਹ ਵਿਸ਼ੇਸ਼ ਅਧਿਕਾਰ ਹੈ। ਹਾਲ ਹੀ ਵਿੱਚ ਭਾਜਪਾ ਨੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਮੁੱਖ ਮੰਤਰੀ ਅਹੁਦੇ ਦੇ ਵੱਡੇ ਦਾਅਵੇਦਾਰਾਂ ਨੂੰ ਬਾਹਰ ਕਰਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ। ਹਰਿਆਣਾ ਕਾਂਗਰਸ ਨੇ 2004 ਵਿਚ ਭਜਨ ਲਾਲ ਦੀ ਅਗਵਾਈ ਵਿਚ ਵਿਧਾਨ ਸਭਾ ਚੋਣਾਂ ਲੜੀਆਂ ਅਤੇ 67 ਸੀਟਾਂ ਜਿੱਤੀਆਂ ਸਨ। ਵਿਧਾਇਕਾਂ ਦਾ ਬਹੁਮਤ ਭਜਨ ਲਾਲ ਨਾਲ ਸੀ ਪਰ ਪਾਰਟੀ ਹਾਈਕਮਾਂਡ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਕਾਂਗਰਸ ਦੀ ਰਾਜਨੀਤੀ ਵਿੱਚ ਬਹੁਤ ਕੁਝ ਬਦਲ ਗਿਆ ਹੈ ਹੁਣ ਪਾਰਟੀ ਲਈ ਅਜਿਹਾ ਇੱਕਤਰਫਾ ਫ਼ੈਸਲਾ ਲੈਣਾ ਆਸਾਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ: 2 ਵੱਡੇ ਭਰਾਵਾਂ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ


rajwinder kaur

Content Editor

Related News