ਪਿਸਤੌਲ ਦੀ ਨੋਕ ''ਤੇ ਜਲੰਧਰ-ਲੁਧਿਆਣਾ NH ''ਤੇ ਟਰੱਕ ਡਰਾਈਵਰ ਨਾਲ ਲੁੱਟ, ਆਈ-20 ਕਾਰ ''ਚ ਸਵਾਰ ਸਨ ਬਦਮਾਸ਼
Saturday, Sep 19, 2026 - 05:29 PM (IST)
ਜਲੰਧਰ (ਸੋਨੂੰ)- ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਫਿਲੌਰ ਦੇ ਪਿੰਡ ਭੱਟੀਆਂ ਨੇੜੇ ਕਾਰ ਸਵਾਰ ਨੌਜਵਾਨਾਂ ਨੇ ਗੰਨ ਪੁਆਇੰਟ 'ਤੇ ਟਰੱਕ ਡਰਾਈਵਰ ਨੂੰ ਲੁੱਟ ਲਿਆ। ਘਟਨਾ ਸ਼ੁੱਕਰਵਾਰ ਦੇਰ ਰਾਤ 12 ਵਜੇ ਤੋਂ ਬਾਅਦ ਦੀ ਹੈ। ਜਾਣਕਾਰੀ ਮੁਤਾਬਕ ਆਈ-20 ਕਾਰ 'ਚ ਸਵਾਰ ਹੋ ਕੇ ਆਏ 4 ਤੋਂ 5 ਅਣਪਛਾਤੇ ਬਦਮਾਸ਼ਾਂ ਨੇ ਓਵਰਟੇਕ ਕਰਕੇ ਟਰੱਕ ਦੇ ਅੱਗੇ ਆਪਣੀ ਗੱਡੀ ਅੜਾ ਦਿੱਤੀ। ਇਸ ਤੋਂ ਬਾਅਦ ਬਦਮਾਸ਼ਾਂ ਨੇ ਲਾਠੀਆਂ-ਡੰਡਿਆਂ ਨਾਲ ਹਮਲਾ ਬੋਲ ਕੇ ਟਰੱਕ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਡਰਾਈਵਰ ਨਾਲ ਕੁੱਟਮਾਰ ਕੀਤੀ।

ਪੀੜਤ ਡਰਾਈਵਰ ਆਸਿਫ ਹੁਸੈਨ ਵਾਸੀ ਸਤਵਾੜ (ਜੰਮੂ-ਕਸ਼ਮੀਰ) ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੇ ਸਿਰ 'ਤੇ ਪਿਸਤੌਲ ਤਾਣ ਦਿੱਤੀ ਅਤੇ ਗੋਲ਼ੀ ਮਾਰਨ ਦੀ ਧਮਕੀ ਦੇ ਕੇ 50 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਲੁੱਟ ਲਿਆ। ਵਾਰਦਾਤ ਵੇਲੇ ਟਰੱਕ ਖੰਨਾ ਤੋਂ ਮਾਲ ਲੋਡ ਕਰਕੇ ਜੰਮੂ ਵੱਲ ਜਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਫਿਲੌਰ ਪੁਲਸ ਨੇ ਡਰਾਈਵਰ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਸਵੇਰੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾਣਗੇ ਅਤੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਫੜਿਆ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ

ਮਾਮਲੇ ਦੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਦੀ ਸੂਚਨਾ 'ਤੇ ਉਹ ਤੁਰੰਤ ਮੌਕੇ 'ਤੇ ਪਹੁੰਚੇ ਸਨ। ਸ਼ੁਰੂਆਤੀ ਜਾਂਚ 'ਚ ਮਾਮਲਾ ਲੁੱਟਖੋਹ ਦਾ ਹੀ ਨਜ਼ਰ ਆ ਰਿਹਾ ਹੈ। ਜ਼ਖ਼ਮੀ ਡਰਾਈਵਰ ਨੂੰ ਇਲਾਜ ਅਤੇ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ। ਪੀੜਤ ਨੇ ਪੁਲਿਸ ਨੂੰ ਵਾਰਦਾਤ ਵਿੱਚ ਵਰਤੀ ਗਈ ਆਈ-20 ਕਾਰ ਦਾ ਨੰਬਰ ਦੇ ਦਿੱਤਾ ਹੈ। ਪੁਲਸ ਕਾਰ ਨੰਬਰ ਦੇ ਆਧਾਰ 'ਤੇ ਮਾਲਕ ਦਾ ਪਤਾ ਲਗਾਉਣ ਵਿੱਚ ਜੁੱਟੀ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਸ਼ੀ ਵਾਰਦਾਤ ਲਈ ਚੋਰੀ ਦੀ ਗੱਡੀ ਦੀ ਵਰਤੋਂ ਕਰ ਰਹੇ ਸਨ। ਐੱਸ. ਐੱਚ. ਓ. ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਕਾਰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਲੁੱਟੀ ਗਈ ਰਕਮ ਅਤੇ ਹਥਿਆਰ ਬਰਾਮਦ ਕਰ ਲਏ ਜਾਣਗੇ।
ਇਹ ਵੀ ਪੜ੍ਹੋ- ਪੰਜਾਬ: NRI ਦੇ ਘਰ ਨੂੰ ਲਾਈ ਅੱਗ! ਟਾਇਰ ਫੱਟਣ ਮਗਰੋਂ ਹੋਇਆ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
