CBSE ਵਲੋਂ ਪ੍ਰੀਖਿਆਵਾਂ ਨੂੰ ਲੈ ਕੇ ਨਵਾਂ ਫ਼ਰਮਾਨ, ਮਾਪਿਆਂ ਦੀ ਪੁਸ਼ਟੀ ਤੋਂ ਬਾਅਦ ਹੀ ਹੋਵੇਗਾ ਆਹ ਕੰਮ
Thursday, Sep 17, 2026 - 10:25 AM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਸੀ. ਬੀ. ਐੱਸ. ਈ. ਨੇ ਆਗਾਮੀ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਨੂੰ ਲੈ ਕੇ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਆਨਲਾਈਨ ਰਜਿਸਟ੍ਰੇਸ਼ਨ ਦੇ ਸਬੰਧ 'ਚ ਬੇਹੱਦ ਸਖ਼ਤ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਨੇ ਸਾਰੇ ਸਬੰਧਿਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਖ਼ਤ ਸ਼ਬਦਾਂ 'ਚ ਹਦਾਇਤ ਦਿੱਤੀ ਹੈ ਕਿ ਵਿਦਿਆਰਥੀਆਂ ਦਾ ਵੇਰਵਾ ਪੋਰਟਲ ’ਤੇ ਦਰਜ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਵਰਤੀ ਜਾਵੇ। ਬੋਰਡ ਦਾ ਸਪੱਸ਼ਟ ਮੰਨਣਾ ਹੈ ਕਿ ਇਸੇ ਸ਼ੁਰੂਆਤੀ ਪੱਧਰ ’ਤੇ ਭਰੀ ਜਾਣ ਵਾਲੀ ਜਾਣਕਾਰੀ ਅੱਗੇ ਚੱਲ ਕੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਐਡਮਿਟ ਕਾਰਡ, ਅੰਕ-ਤਾਲਿਕਾ ਮਾਰਕਸ਼ੀਟ ਅਤੇ ਸਰਟੀਫਿਕੇਟ ਦਾ ਸਥਾਈ ਆਧਾਰ ਬਣਦੀ ਹੈ। ਅਜਿਹੇ 'ਚ ਕਿਸੇ ਵੀ ਤਰ੍ਹਾਂ ਦੀ ਮਨੁੱਖੀ ਭੁੱਲ ਅੱਗੇ ਚੱਲ ਕੇ ਵਿਦਿਆਰਥੀ ਦੇ ਭਵਿੱਖ ਅਤੇ ਕਰੀਅਰ ਲਈ ਵੱਡਾ ਸੰਕਟ ਖੜ੍ਹਾ ਕਰ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਫਿਰ ਹੋਵੇਗਾ BLACKOUT, ਸਾਇਰਨ ਵੱਜਦੇ ਹੀ ਬੰਦ ਕਰਨੀਆਂ ਪੈਣਗੀਆਂ ਲਾਈਟਾਂ, ਪੜ੍ਹੋ ਕਿਉਂ
ਅਕਸਰ ਦੇਖਣ 'ਚ ਆਉਂਦਾ ਹੈ ਕਿ ਰਜਿਸਟ੍ਰੇਸ਼ਨ ਸਮੇਂ ਸਕੂਲ ਜਾਂ ਵਿਦਿਆਰਥੀ ਡਾਟਾ ਐਂਟਰੀ 'ਚ ਜਲਦਬਾਜ਼ੀ ਕਰ ਬੈਠਦੇ ਹਨ। ਇਸ ਦੇ ਚੱਲਦਿਆਂ ਵਿਦਿਆਰਥੀ ਦੇ ਨਾਂ ਦੀ ਸਪੈਲਿੰਗ, ਮਾਤਾ-ਪਿਤਾ ਦੇ ਨਾਂ, ਜਨਮ ਮਿਤੀ, ਲਿੰਗ, ਸ਼੍ਰੇਣੀ ਅਤੇ ਚੁਣੇ ਗਏ ਵਿਸ਼ਿਆਂ ਦੇ ਕੋਡ 'ਚ ਗੰਭੀਰ ਗਲਤੀਆਂ ਰਹਿ ਜਾਂਦੀਆਂ ਹਨ। ਬਾਅਦ 'ਚ ਜਦੋਂ ਵਿਦਿਆਰਥੀ 10ਵੀਂ ਜਾਂ 12ਵੀਂ ਦੀ ਬੋਰਡ ਪ੍ਰੀਖਿਆ 'ਚ ਪਹੁੰਚਦੇ ਹਨ ਤਾਂ ਇਨ੍ਹਾਂ ਤਰੁੱਟੀਆਂ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਨੂੰ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਹਨ ਅਤੇ ਭਾਰੀ ਮਾਨਸਿਕ ਤਣਾਅ ਝੱਲਣਾ ਪੈਂਦਾ ਹੈ। ਇਸੇ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਬੋਰਡ ਨੇ ਇਸ ਵਾਰ ਪਹਿਲਾਂ ਤੋਂ ਹੀ ਸਖ਼ਤ ਰੁੱਖ ਅਪਣਾਇਆ ਹੈ।
ਸਕੂਲਾਂ ਅਤੇ ਵਿਦਿਆਰਥੀਆਂ ਲਈ ਜਾਰੀ ਮੁੱਖ ਦਿਸ਼ਾ-ਨਿਰਦੇਸ਼
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀ, ਪਿਤਾ ਅਤੇ ਮਾਤਾ ਦਾ ਨਾਂ ਬਿਲਕੁਲ ਉਸੇ ਤਰ੍ਹਾਂ ਹੀ ਦਰਜ ਹੋਣਾ ਚਾਹੀਦਾ ਹੈ, ਜਿਵੇਂ ਉਨ੍ਹਾਂ ਦੇ ਪਿਛਲੇ ਸਕੂਲ ਟਰਾਂਸਫਰ ਸਰਟੀਫਿਕੇਟ ਟੀ. ਸੀ. ਜਾਂ ਅਧਿਕਾਰਤ ਜਨਮ ਸਰਟੀਫਿਕੇਟ 'ਚ ਦਰਜ ਹੈ। ਇਸ ਤੋਂ ਇਲਾਵਾ ਵਿਦਿਆਰਥੀ ਜਿਸ ਮੁੱਖ ਜਾਂ ਵੋਕੇਸ਼ਨਲ ਵਿਸ਼ੇ ਦੀ ਪੜ੍ਹਾਈ ਕਰ ਰਹੇ ਹਨ, ਪੋਰਟਲ ’ਤੇ ਉਸ ਦਾ ਸਹੀ ਸਬਜੈਕਟ ਕੋਡ ਹੀ ਅਪਲੋਡ ਕੀਤਾ ਜਾਵੇ, ਕਿਉਂਕਿ ਗਲਤ ਕੋਡ ਭਰਨ ਨਾਲ ਪ੍ਰੀਖਿਆ ਕੇਂਦਰ ’ਤੇ ਗਲਤ ਪ੍ਰਸ਼ਨ ਪੱਤਰ ਮਿਲਣ ਦਾ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ। ਇੰਨਾ ਹੀ ਨਹੀਂ, ਫਾਈਨਲ ਸਬਮਿਸ਼ਨ ਤੋਂ ਪਹਿਲਾਂ ਸਕੂਲ ਪ੍ਰਸ਼ਾਸਨ ਜਾਣਕਾਰੀਆਂ ਦੀ ਇਕ ਡਰਾਫਟ ਲਿਸਟ ਕੱਢ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਖਾਏਗਾ ਅਤੇ ਮਾਪਿਆਂ ਦੇ ਹਸਤਾਖ਼ਰ ਅਤੇ ਪੁਸ਼ਟੀ ਤੋਂ ਬਾਅਦ ਹੀ ਡੇਟਾ ਸੀ. ਬੀ. ਐੱਸ. ਈ. ਪੋਰਟਲ ’ਤੇ ਲਾਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਵਾਹਨਾਂ 'ਚ ਪੈਟਰੋਲ ਭਰਨ 'ਤੇ ਬੈਨ! ਪੈਟਰੋਲ ਪੰਪਾਂ ਲਈ ਨਵਾਂ ਫ਼ਰਮਾਨ ਜਾਰੀ
ਸਮੇਂ ’ਤੇ ਪ੍ਰਕਿਰਿਆ ਪੂਰੀ ਕਰਨ ਦੇ ਸਖ਼ਤ ਹੁਕਮ ਅਤੇ ਡੇਟਸ਼ੀਟ ਅਪਡੇਟ
ਸੀ. ਬੀ. ਐੱਸ. ਈ. ਨੇ ਸਾਰੇ ਸਕੂਲਾਂ ਨੂੰ ਮਿੱਥੀ ਸਮਾਂ-ਸੀਮਾ ਦੇ ਅੰਦਰ ਪੂਰੀ ਰਜਿਸਟ੍ਰੇਸ਼ਨ ਪ੍ਰਕਿਰਿਆ ਨਿਪਟਾਉਣ ਦੇ ਸਖ਼ਤ ਹੁਕਮ ਦਿੱਤੇ ਹਨ, ਤਾਂ ਜੋ ਕਿਸੇ ਵੀ ਵਿਦਿਆਰਥੀ ’ਤੇ ਲੇਟ ਫ਼ੀਸ ਦਾ ਬੋਝ ਨਾ ਪਵੇ ਅਤੇ ਆਖ਼ਰੀ ਪਲਾਂ ਦੀ ਭਾਜੜ ਤੋਂ ਬਚਿਆ ਜਾ ਸਕੇ। ਜੇਕਰ ਫਾਰਮ ਭਰਦੇ ਸਮੇਂ ਦਸਤਾਵੇਜ਼ਾਂ ਦੀ ਸਹੀ ਜਾਂਚ ਹੋ ਜਾਵੇ, ਤਾਂ ਭਵਿੱਖ 'ਚ ਕਿਸੇ ਸੋਧ ਦੀ ਨੌਬਤ ਨਹੀਂ ਆਵੇਗੀ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਡਾਟਾ ਦੀ ਸਟੀਕਤਾ ਜਾਂਚਣਾ ਸਕੂਲਾਂ ਦੀ ਪਹਿਲੀ ਜ਼ਿੰਮੇਵਾਰੀ ਹੈ, ਨਾਲ ਹੀ ਇਹ ਵੀ ਸੂਚਿਤ ਕੀਤਾ ਹੈ ਕਿ ਸਾਲ 2027 ਦੀ ਬੋਰਡ ਪ੍ਰੀਖਿਆ ਦੀ ਸੰਭਾਵਿਤ ਡੇਟਸ਼ੀਟ ਵੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
