ਭਤੀਜੀ ਨੂੰ ਸਕੂਲ ਤੋਂ ਲੈਣ ਗਏ ਮੁੰਡੇ ਦੀ ਧੌਣ ''ਤੇ ਦਾਤ ਰੱਖ ਕੇ ਖੋਹ ਲਿਆ ਮੋਬਾਈਲ ਤੇ ਪਰਸ

Thursday, Sep 24, 2026 - 05:41 PM (IST)

ਭਤੀਜੀ ਨੂੰ ਸਕੂਲ ਤੋਂ ਲੈਣ ਗਏ ਮੁੰਡੇ ਦੀ ਧੌਣ ''ਤੇ ਦਾਤ ਰੱਖ ਕੇ ਖੋਹ ਲਿਆ ਮੋਬਾਈਲ ਤੇ ਪਰਸ

ਲੁਧਿਆਣਾ (ਰਾਜ): ਮਹਾਨਗਰ ਵਿਚ ਬੇਖੌਫ਼ ਘੁੰਮ ਰਹੇ ਝਪਟਮਾਰਾਂ ਅਤੇ ਲੁਟੇਰਿਆਂ ਨੇ ਹੁਣ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 'ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ' ਦੇ ਨੇੜੇ ਆਪਣੀ ਭਤੀਜੀ ਨੂੰ ਛੁੱਟੀ ਤੋਂ ਬਾਅਦ ਲੈਣ ਪਹੁੰਚੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਘੇਰ ਲਿਆ। ਲੁਟੇਰਿਆਂ ਨੇ ਨੌਜਵਾਨ ਦੀ ਧੌਣ 'ਤੇ ਤੇਜ਼ਧਾਰ ਦਾਤਰ ਰੱਖ ਕੇ ਉਸ ਦਾ ਕੀਮਤੀ One Plus ਮੋਬਾਈਲ ਫ਼ੋਨ ਅਤੇ ਪਰਸ ਖੋਹ ਲਿਆ ਅਤੇ ਸ਼ਰੇਆਮ ਫ਼ਰਾਰ ਹੋ ਗਏ। ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਭਤੀਜੀ ਨੂੰ ਸਕੂਲ ਦੀ ਛੁੱਟੀ ਹੋਣ 'ਤੇ ਲੈਣ ਗਿਆ ਸੀ। ਜਿਵੇਂ ਹੀ ਉਹ ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਪਹੁੰਚਿਆ, ਤਾਂ ਅਚਾਨਕ ਤਿੰਨ ਅਣਪਛਾਤੇ ਨੌਜਵਾਨ ਉੱਥੇ ਆ ਪਹੁੰਚੇ। ਤਿੰਨਾਂ ਮੁਲਜ਼ਮਾਂ ਨੇ ਰਸਤਾ ਰੋਕਦੇ ਹੋਏ ਸ਼ਿਕਾਇਤਕਰਤਾ ਦੀ ਮੋਟਰਸਾਈਕਲ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ ਜਾਂ ਰੌਲਾ ਪਾਉਂਦਾ, ਇਕ ਲੁਟੇਰੇ ਨੇ ਆਪਣੇ ਕੋਲ ਲੁਕਾ ਕੇ ਰੱਖਿਆ ਲੋਹੇ ਦਾ ਤੇਜ਼ਧਾਰ ਦਾਤਰ ਕੱਢਿਆ ਅਤੇ ਸਿੱਧਾ ਉਸ ਦੀ ਧੌਣ 'ਤੇ ਰੱਖ ਦਿੱਤਾ। ਮੁਲਜ਼ਮਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨੂੰ ਬਿਲਕੁਲ ਚੁੱਪ ਰਹਿਣ ਲਈ ਕਿਹਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਜ਼ਬਰਦਸਤੀ ਉਸ ਦੀ ਜੇਬ 'ਚੋਂ ਉਸ ਦਾ ਮਹਿੰਗਾ ਮੋਬਾਈਲ ਫ਼ੋਨ ਅਤੇ ਪਰਸ ਖੋਹ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
 


author

Anmol Tagra

Content Editor

Related News