ਬੇਕਰੀ ਦੇ ਬਾਹਰ ਪੈਟੀਜ਼ ਖਾ ਰਹੇ ਮੁੰਡੇ ਤੋਂ ਐਕਟਿਵਾ ਖੋਹ ਕੇ ਲੈ ਗਈਆਂ ਕੁੜੀਆਂ

Thursday, Sep 24, 2026 - 04:59 PM (IST)

ਬੇਕਰੀ ਦੇ ਬਾਹਰ ਪੈਟੀਜ਼ ਖਾ ਰਹੇ ਮੁੰਡੇ ਤੋਂ ਐਕਟਿਵਾ ਖੋਹ ਕੇ ਲੈ ਗਈਆਂ ਕੁੜੀਆਂ

ਲੁਧਿਆਣਾ (ਰਾਜ): ਸਿਵਲ ਹਸਪਤਾਲ ਦੇ ਨੇੜੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ 'ਤੇ ਦੋਸ਼ ਲਗਾ ਕੇ ਕੁਝ ਕੁੜੀਆਂ ਨੇ ਸ਼ਰੇਆਮ ਉਸ ਦੀ ਐਕਟਿਵਾ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਈਆਂ। ਪੀੜਤ ਨੌਜਵਾਨ ਮੁਤਾਬਕ ਉਹ ਇਕ ਬੇਕਰੀ ਦੇ ਬਾਹਰ ਖੜ੍ਹਾ ਹੋ ਕੇ ਪੈਟੀਜ਼ ਖਾ ਰਿਹਾ ਸੀ, ਉਦੋਂ ਹੀ ਕੁੜੀਆਂ ਨੇ 'ਸਾਡੇ ਆਲੇ-ਦੁਆਲੇ ਕਿਉਂ ਘੁੰਮ ਰਿਹਾ ਹੈਂ' ਕਹਿ ਕੇ ਡਰਾਮਾ ਖੜ੍ਹਾ ਕਰ ਦਿੱਤਾ ਅਤੇ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਨੌਜਵਾਨ ਪ੍ਰਭਜੋਤ ਸਿੰਘ ਦੀ ਮਾਂ ਸੁਰਿੰਦਰ ਕੌਰ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕੁੜੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਅਧਿਕਾਰਤ ਬਿਆਨਾਂ ਵਿਚ ਸੁਰਿੰਦਰ ਕੌਰ ਨੇ ਦੱਸਿਆ ਕਿ ਇਹ ਘਟਨਾ 17 ਜੁਲਾਈ ਦੀ ਹੈ, ਉਨ੍ਹਾਂ ਦਾ ਬੇਟਾ ਪ੍ਰਭਜੋਤ ਸਿੰਘ ਆਪਣੀ ਹੋਂਡਾ ਐਕਟਿਵਾ 'ਤੇ ਸਵਾਰ ਹੋ ਕੇ ਕਿਸੇ ਕੰਮ ਦੇ ਸਿਲਸਿਲੇ ਵਿਚ ਗਿਆ ਹੋਇਆ ਸੀ। ਜਦੋਂ ਉਹ ਜੇਲ੍ਹ ਰੋਡ ਸਥਿਤ ਸਿਵਲ ਹਸਪਤਾਲ ਦੇ ਨੇੜੇ 'ਬੀਕਾਨੇਰ ਬੇਕਰੀ' ਕੋਲ ਪਹੁੰਚਿਆ, ਤਾਂ ਉਸ ਨੇ ਆਪਣੀ ਐਕਟਿਵਾ ਬਾਹਰ ਪਾਸੇ ਖੜ੍ਹੀ ਕੀਤੀ ਅਤੇ ਬੇਕਰੀ ਤੋਂ ਪੈਟੀਜ਼ ਲੈ ਕੇ ਖਾਣ ਲੱਗਾ। ਇਸੇ ਦੌਰਾਨ ਉੱਥੇ ਕੁਝ ਕੁੜੀਆਂ ਆ ਪਹੁੰਚੀਆਂ ਅਤੇ ਉਨ੍ਹਾਂ ਨੇ ਬਿਨਾਂ ਵਜ੍ਹਾ ਪ੍ਰਭਜੋਤ ਨੂੰ ਘੇਰ ਲਿਆ।

ਕੁੜੀਆਂ ਨੇ ਪ੍ਰਭਜੋਤ 'ਤੇ ਦੋਸ਼ ਲਗਾਉਂਦੇ ਹੋਏ ਉੱਚੀ ਆਵਾਜ਼ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਕਿ, "ਤੂੰ ਸਾਡੇ ਆਲੇ-ਦੁਆਲੇ ਗੇੜੇ ਕਿਉਂ ਮਾਰ ਰਿਹਾ ਹੈਂ?"। ਜਦੋਂ ਪ੍ਰਭਜੋਤ ਨੇ ਸਫ਼ਾਈ ਦਿੱਤੀ ਕਿ ਉਹ ਸਿਰਫ਼ ਬੇਕਰੀ ਤੋਂ ਪੈਟੀਜ਼ ਖਾ ਰਿਹਾ ਹੈ ਅਤੇ ਉਸ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਤਾਂ ਕੁੜੀਆਂ ਤੈਸ਼ ਵਿਚ ਆ ਗਈਆਂ। ਉਨ੍ਹਾਂ ਨੇ ਸ਼ਰੇਆਮ ਸੜਕ 'ਤੇ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਮਾਹੌਲ ਦਾ ਫ਼ਾਇਦਾ ਚੁੱਕਦੇ ਹੋਏ ਪ੍ਰਭਜੋਤ ਦੇ ਹੱਥੋਂ ਜ਼ਬਰਦਸਤੀ ਐਕਟਿਵਾ ਦੀ ਚਾਬੀ ਖੋਹ ਲਈ।

ਇਸ ਤੋਂ ਪਹਿਲਾਂ ਕਿ ਪ੍ਰਭਜੋਤ ਰੌਲਾ ਪਾ ਕੇ ਰਾਹਗੀਰਾਂ ਜਾਂ ਦੁਕਾਨਦਾਰਾਂ ਨੂੰ ਇਕੱਠਾ ਕਰ ਪਾਉਂਦਾ, ਕੁੜੀਆਂ ਉਸ ਦੀ ਐਕਟਿਵਾ ਸਟਾਰਟ ਕਰਕੇ ਤੇਜ਼ੀ ਨਾਲ ਮੌਕੇ ਤੋਂ ਫ਼ਰਾਰ ਹੋ ਗਈਆਂ। ਪੁਲਸ ਸਿਵਲ ਹਸਪਤਾਲ ਦੇ ਆਸ-ਪਾਸ ਲੱਗੇ ਸਾਰੇ CCTV ਕੈਮਰਿਆਂ ਦੀ ਰਿਕਾਰਡਿੰਗ ਖੰਗਾਲ ਰਹੀ ਹੈ, ਤਾਂ ਜੋ ਸਕੂਟੀ ਲੈ ਕੇ ਭੱਜਣ ਵਾਲੀਆਂ ਕੁੜੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ ਅਤੇ ਖੋਹੀ ਗਈ ਐਕਟਿਵਾ ਬਰਾਮਦ ਕੀਤੀ ਜਾ ਸਕੇ।
 


author

Anmol Tagra

Content Editor

Related News