ਸੁੱਤੇ ਪਏ ਬੰਦੇ ਦੀ ਧੌਣ ''ਚ ਵੱਜੀ ਗੋਲ਼ੀ! ਸਾਰੇ ਟੱਬਰ ਨੂੰ ਪਈਆਂ ਭਾਜੜਾਂ

Thursday, Sep 24, 2026 - 04:52 PM (IST)

ਸੁੱਤੇ ਪਏ ਬੰਦੇ ਦੀ ਧੌਣ ''ਚ ਵੱਜੀ ਗੋਲ਼ੀ! ਸਾਰੇ ਟੱਬਰ ਨੂੰ ਪਈਆਂ ਭਾਜੜਾਂ

ਲੁਧਿਆਣਾ (ਰਾਜ): ਲੋਹਾਰਾ ਰੋਡ ਸਥਿਤ ਗਿਆਨ ਚੰਦ ਨਗਰ ਇਲਾਕੇ ਵਿਚ ਦੇਰ ਰਾਤ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਆਪਣੇ ਘਰ ਦੀ ਛੱਤ 'ਤੇ ਸੌਣ ਦੀ ਤਿਆਰੀ ਕਰ ਰਹੇ ਇਕ ਕੱਪੜਾ ਫੈਕਟਰੀ ਵਰਕਰ ਨੂੰ ਸ਼ੱਕੀ ਹਾਲਾਤ ਵਿਚ ਗੋਲ਼ੀ ਲੱਗ ਗਈ। ਗੋਲ਼ੀ ਨੌਜਵਾਨ ਦੀ ਧੌਣ ਨੂੰ ਛੂਹੰਦੀ ਹੋਈ ਨਿਕਲ ਗਈ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਪਰਿਵਾਰ ਨੇ ਬਿਸਤਰੇ ਦੇ ਕੋਲੋਂ ਚੱਲੀ ਹੋਈ ਗੋਲ਼ੀ ਬਰਾਮਦ ਕੀਤੀ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਜ਼ਖ਼ਮੀ ਨੌਜਵਾਨ ਦੀ ਪਛਾਣ ਕਨ੍ਹੱਈਆ ਮੌਰਿਆ ਵਜੋਂ ਹੋਈ ਹੈ, ਜੋ ਐੱਸ.ਕੇ. ਅਗਰਵਾਲ ਫੈਬਰਿਕ ਫੈਕਟਰੀ ਵਿਚ ਕੰਮ ਕਰਦਾ ਹੈ। ਪੀੜਤ ਅਨੁਸਾਰ ਰਾਤ ਕਰੀਬ 10:30 ਵਜੇ ਰੋਟੀ ਖਾਣ ਤੋਂ ਬਾਅਦ ਉਹ ਛੱਤ 'ਤੇ ਲੱਗੇ ਮੰਜੇ ਅਤੇ ਕੂਲਰ ਕੋਲ ਸੌਣ ਗਿਆ ਸੀ। ਜਿਵੇਂ ਹੀ ਉਹ ਲੇਟਣ ਲੱਗਾ, ਅਚਾਨਕ ਪਟਾਕੇ ਚੱਲਣ ਵਰਗੀ ਜ਼ੋਰਦਾਰ ਆਵਾਜ਼ ਆਈ ਅਤੇ ਉਸ ਦੀ ਧੌਣ 'ਤੇ ਕੁਝ ਆ ਵੱਜਿਆ। ਜਦੋਂ ਉਹ ਦਰਦ ਨਾਲ ਕਰਾਹੁੰਦਾ ਹੋਇਆ ਹੇਠਾਂ ਪਰਿਵਾਰ ਕੋਲ ਪਹੁੰਚਿਆ ਤਾਂ ਖ਼ੂਨ ਵਗਦਾ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ। 

ਪਰਿਵਾਰ ਨੇ ਜਦੋਂ ਛੱਤ 'ਤੇ ਜਾ ਕੇ ਜਾਂਚ ਕੀਤੀ ਤਾਂ ਮੰਜੇ ਅਤੇ ਕੂਲਰ ਦੇ ਕੋਲੋਂ ਇਕ ਚੱਲੀ ਹੋਈ ਗੋਲ਼ੀ ਬਰਾਮਦ ਹੋਈ। ਪਰਿਵਾਰ ਵਾਲੇ ਤੁਰੰਤ ਜ਼ਖ਼ਮੀ ਕਨ੍ਹੱਈਆ ਅਤੇ ਬਰਾਮਦ ਗੋਲ਼ੀ ਲੈ ਕੇ ਹਸਪਤਾਲ ਪਹੁੰਚੇ। ਇਲਾਜ ਕਰ ਰਹੇ ਡਾ. ਸ਼ਿਵਮ ਕੁਮਾਰ ਨੇ ਦੱਸਿਆ ਕਿ ਗੋਲ਼ੀ ਧੌਣ ਦੇ ਬਾਹਰੀ ਹਿੱਸੇ ਨੂੰ ਛੂਹ ਕੇ ਲੰਘੀ ਸੀ। ਐਕਸ-ਰੇ ਦੀ ਰਿਪੋਰਟ ਮੁਤਾਬਕ ਸਰੀਰ ਦੇ ਅੰਦਰ ਗੋਲ਼ੀ ਦਾ ਕੋਈ ਟੁਕੜਾ ਨਹੀਂ ਫਸਿਆ ਅਤੇ ਮਰੀਜ਼ ਦੀ ਹਾਲਤ ਹੁਣ ਸਥਿਰ ਅਤੇ ਖ਼ਤਰੇ ਤੋਂ ਬਾਹਰ ਹੈ।

ਕਨ੍ਹੱਈਆ ਅਤੇ ਉਸ ਦੇ ਪਰਿਵਾਰ ਨੇ ਘਰ ਦੇ ਪਿੱਛੇ ਰਹਿੰਦੇ ਇਕ ਸ਼ੱਕੀ ਨੌਜਵਾਨ 'ਤੇ ਪੁਰਾਣੀ ਰੰਜਿਸ਼ ਤਹਿਤ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਉਣ ਦਾ ਦੋਸ਼ ਲਗਾਇਆ ਹੈ। ਪੀੜਤ ਦਾ ਦਾਅਵਾ ਹੈ ਕਿ ਉਕਤ ਨੌਜਵਾਨ ਕੋਲ ਅਣਅਧਿਕਾਰਤ ਪਿਸਤੌਲ ਹੈ। 

ਦੂਜੇ ਪਾਸੇ, ਥਾਣਾ ਡਾਬਾ ਦੀ ਪੁਲਸ ਨੇ ਮਾਮਲੇ ਦੀ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਛੱਤ ਤੋਂ ਮਿਲੀ ਬੁਲੇਟ ਨੂੰ ਕਬਜ਼ੇ 'ਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਸਮਾਗਮ ਦੌਰਾਨ ਹੋਈ ਹਵਾਈ ਫਾਇਰਿੰਗ ਸੀ ਜਾਂ ਫਿਰ ਰੰਜਿਸ਼ ਤਹਿਤ ਕੀਤਾ ਗਿਆ ਜਾਨਲੇਵਾ ਹਮਲਾ। ਪੁਲਸ ਵੱਲੋਂ ਨਾਮਜ਼ਦ ਸ਼ੱਕੀ ਨੌਜਵਾਨ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News