ਕੀਰਤਪੁਰ ਸਾਹਿਬ ਤੋਂ ਪਿਤਾ ਦੇ ਫੁੱਲ ਤਾਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ
Friday, Sep 25, 2026 - 05:32 PM (IST)
ਫ਼ਤਿਹਗੜ੍ਹ ਸਾਹਿਬ (ਬਿਪਨ): ਜ਼ਿਲ੍ਹਾ ਮਾਨਸਾ ਦੇ ਪਿੰਡ ਕਾਨਗੜ੍ਹ ਦੇ ਵਾਸੀ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਸਮੇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਪਣੇ ਪਿਤਾ ਰੂਪ ਸਿੰਘ ਦੇ ਫੁੱਲ (ਅਸਥੀਆਂ) ਤਾਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਸ਼ੁੱਕਰਵਾਰ ਸਵੇਰੇ ਕਰੀਬ 9:30 ਵਜੇ ਜਦੋਂ ਉਨ੍ਹਾਂ ਦੀ ਕਾਰ ਸਰਹਿੰਦ ਸ਼ਹਿਰ ਦੇ ਰੇਲਵੇ ਫਾਟਕ ਨੇੜੇ ਪਹੁੰਚੀ, ਤਾਂ ਉੱਥੇ ਇੱਕ ਟਿੱਪਰ ਬਰੋਟੇ (ਬੋਹੜ ਦੇ ਦਰੱਖਤ) ਵਿਚ ਫਸ ਗਿਆ। ਟਿੱਪਰ ਨੂੰ ਕੱਢਣ ਦੀ ਕੋਸ਼ਿਸ਼ ਦੌਰਾਨ ਬਰੋਟਾ ਹੇਠਾਂ ਲੰਘ ਰਹੀ ਕਾਰ ਉੱਪਰ ਆ ਡਿੱਗਿਆ। ਹਾਦਸੇ ਸਮੇਂ ਕਾਰ ਵਿਚ ਕਰੀਬ ਅੱਠ ਵਿਅਕਤੀ ਸਵਾਰ ਸਨ, ਜੋ ਖੁਸ਼ਕਿਸਮਤੀ ਨਾਲ ਵਾਲ-ਵਾਲ ਬਚ ਗਏ, ਪਰ ਕਾਰ ਨੁਕਸਾਨੀ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਬਰੋਟੇ ਹੇਠਾਂ ਦੱਬੀ ਕਾਰ ਨੂੰ ਬਾਹਰ ਕੱਢਿਆ ਗਿਆ। ਹਾਦਸੇ ਕਾਰਨ ਸੜਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਕਾਫ਼ੀ ਸਮਾਂ ਟ੍ਰੈਫਿਕ ਜਾਮ ਰਿਹਾ। ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਮੁਰੰਮਤ ਕਾਰਜਾਂ ਲਈ ਫ਼ਤਿਹਗੜ੍ਹ ਸਾਹਿਬ ਰੇਲਵੇ ਫਾਟਕ 24 ਤੋਂ 27 ਸਤੰਬਰ ਤੱਕ ਬੰਦ ਰੱਖਿਆ ਗਿਆ ਹੈ, ਜਿਸ ਕਾਰਨ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਸੀ ਅਤੇ ਸੜਕਾਂ 'ਤੇ ਆਵਾਜਾਈ ਦਾ ਬੋਝ ਵਧਿਆ ਹੋਇਆ ਸੀ।
