ਪੰਜਾਬ: UPI ''ਤੇ ਵਾਧੂ ਖਰਚੇ ਦੇ ਫ਼ੈਸਲੇ ਮਗਰੋਂ ਪੈਟਰੋਲ ਪੰਪ ਐਸੋਸੀਏਸ਼ਨ ਨੇ ਵੀ ਕਰ''ਤਾ ਵੱਡਾ ਐਲਾਨ
Monday, Sep 21, 2026 - 04:13 PM (IST)
ਲੁਧਿਆਣਾ (ਮਹਿੰਦਰੂ): ਹਾਲ ਹੀ ਵਿਚ ਯੂ. ਪੀ. ਆਈ. 'ਤੇ 2000 ਰੁਪਏ ਤੋਂ ਵੱਧ ਦੀ ਟ੍ਰਾਂਜ਼ੈਕਸ਼ਨ 'ਤੇ ਦੁਕਾਨਦਾਰਾਂ ਉੱਪਰ ਇਕ ਫ਼ੀਸ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜੋ 15 ਅਕਤੂਬਰ ਨੂੰ ਲਾਗੂ ਹੋਵੇਗਾ। ਇਹ ਫ਼ੈਸਲਾ ਲਾਗੂ ਹੋਣ ਤੋਂ ਪਹਿਲਾਂ ਹੀ ਵੱਡੇ ਪੱਧਰ 'ਤੇ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਵਿਚਾਲੇ ਹੁਣ ਪੈਟਰੋਲ ਪੰਪ ਐਸੋਸੀਏਸ਼ਨ ਨੇ ਵੀ ਐਲਾਨ ਕੀਤਾ ਹੈ ਕਿ ਉਹ 2000 ਰੁਪਏ ਤੋਂ ਵੱਧ ਪੈਸੇ UPI ਰਾਹੀਂ ਲੈਣਗੇ ਹੀ ਨਹੀਂ, ਸਗੋਂ ਅਜਿਹੇ ਗਾਹਕਾਂ ਨੂੰ ਨਕਦ ਭੁਗਤਾਨ ਕਰਨ ਲਈ ਕਿਹਾ ਜਾਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਚਦੇਵਾ ਨੇ ਕਿਹਾ ਕਿ ਪੈਟਰੋਲ ਪੰਪਾਂ 'ਤੇ ਤਕਰੀਬਨ 30 ਫ਼ੀਸਦੀ ਟ੍ਰਾਂਜ਼ੈਕਸ਼ਨਾਂ ਯੂ. ਪੀ. ਆਈ. ਰਾਹੀਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਵਿਚ ਮੁਨਾਫ਼ਾ ਬਹੁਤ ਘੱਟ ਹੁੰਦਾ ਹੈ, ਇਸ ਲਈ ਪੰਪ ਮਾਲਕ ਇਹ ਵਾਧੂ ਖਰਚਾ ਨਹੀਂ ਝੱਲ ਸਕਣਗੇ। ਮਜਬੂਰੀ ਵੱਸ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ ਕਿ ਜੇਕਰ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਪੈਟਰੋਲ ਪੰਪਾਂ 'ਤੇ 2000 ਰੁਪਏ ਵੱਧ ਦਾ ਪੈਟਰੋਲ ਡੀਜ਼ਲ ਖਰੀਦਣ ਵਾਲਿਆਂ ਤੋਂ ਯੂ.ਪੀ.ਆਈ. ਰਾਹੀਂ ਪੇਮੈਂਟ ਨਹੀਂ ਲਈ ਜਾਵੇਗੀ, ਸਗੋਂ ਨਕਦ ਪੈਸੇ ਲੈਣੇ ਪੈਣਗੇ। ਇਸ ਸਬੰਧੀ ਬਾਕਾਇਦਾ ਪੈਟਰੋਲ ਪੰਪਾਂ 'ਤੇ ਲਿਖ ਕੇ ਵੀ ਲਗਾਇਆ ਜਾਵੇਗਾ।
ਐਸੋਸੀਏਸ਼ਨ ਪ੍ਰਧਾਨ ਨੇ ਅੱਗੇ ਕਿਹਾ ਕਿ ਯੂ. ਪੀ. ਆਈ. ਦੇ ਆਉਣ ਨਾਲ ਜਾਅਲੀ ਨੋਟਾਂ, ਫਟੇ-ਪੁਰਾਣੇ ਨੋਟਾਂ, ਟੁੱਟੇ ਪੈਸਿਆਂ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਗਈਆਂ ਸਨ, ਪਰ ਇਸ ਫ਼ੈਸਲੇ ਨਾਲ ਇਕ ਵਾਰ ਫ਼ਿਰ ਤੋਂ ਉਹੀ ਸਮੱਸਿਆਵਾਂ ਵਾਪਸ ਮੁੜ ਆਉਣਗੀਆਂ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੈਟਰੋਲ ਡੀਜ਼ਲ ਕੋਈ ਲਗਜ਼ਰੀ ਨਹੀਂ ਹੈ, ਸਗੋਂ ਰੋਜ਼ਾਨਾ ਦੀ ਜ਼ਰੂਰਤ ਹੈ। ਇਸ ਨੂੰ ਇਸ ਫ਼ੈਸਲੇ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।
ਉੱਥੇ ਹੀ ਪੈਟਰੋਲ ਪੰਪ 'ਤੇ ਮੌਜੂਦ ਗਾਹਕਾਂ ਨੇ ਵੀ ਇਸ ਫ਼ੈਸਲੇ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਕੱਲ ਲੋਕ ਜੇਬ ਵਿਚ ਨਕਦੀ ਬਹੁਤ ਘੱਟ ਲੈ ਕੇ ਚਲਦੇ ਹਨ। ਯੂ. ਪੀ. ਆਈ. 'ਤੇ ਵਾਧੂ ਪੈਸੇ ਲੱਗਣ ਨਾਲ ਦੁਕਾਨਦਾਰ ਇਸ ਤੋਂ ਟਾਲਮਟੋਲ ਕਰਨਗੇ ਤਾਂ ਗਾਹਕਾਂ ਨੂੰ ਵੀ ਸਮੱਸਿਆ ਆਵੇਗੀ। ਇਕ ਹੋਰ ਗਾਹਕ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਫ਼ੀਸ ਲਗਾਉਣੀ ਵੀ ਹੈ ਤਾਂ ਉਹ 2 ਹਜ਼ਾਰ ਰੁਪਏ ਦੀ ਬਜਾਏ 10 ਹਜ਼ਾਰ ਰੁਪਏ ਤੋਂ ਵੱਧ ਦੇ ਲੈਣ-ਦੇਣ 'ਤੇ ਲਗਾਈ ਜਾਵੇ।
