ਦਿੱਲੀ ''ਚ ਖਿਡੌਣਾ ਪਿਸਤੌਲ ਨਾਲ ਲੁੱਟ ਲਿਆ 1.5 ਕਰੋੜ ! ਲੁਧਿਆਣਾ ਦੇ ਰਿੰਕੂ ਸਣੇ 5 ਗ੍ਰਿਫ਼ਤਾਰ

Thursday, Sep 17, 2026 - 05:20 PM (IST)

ਦਿੱਲੀ ''ਚ ਖਿਡੌਣਾ ਪਿਸਤੌਲ ਨਾਲ ਲੁੱਟ ਲਿਆ 1.5 ਕਰੋੜ ! ਲੁਧਿਆਣਾ ਦੇ ਰਿੰਕੂ ਸਣੇ 5 ਗ੍ਰਿਫ਼ਤਾਰ

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਗੀਤਾ ਕਾਲੋਨੀ ਫਲਾਈਓਵਰ ਨੇੜੇ 1.5 ਕਰੋੜ ਰੁਪਏ ਦੀ ਹੋਈ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਸ ਨੇ ਲੁਧਿਆਣਾ ਦੇ ਰਹਿਣ ਵਾਲੇ ਮਾਸਟਰਮਾਈਂਡ ਸਮੇਤ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਲਗਭਗ 1 ਕਰੋੜ ਰੁਪਏ ਨਕਦ, ਇੱਕ ਮੋਟਰਸਾਈਕਲ ਅਤੇ ਲੁੱਟ ਦੀ ਰਕਮ ਨਾਲ ਖਰੀਦਿਆ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ।

ਇਹ ਵਾਰਦਾਤ 7 ਸਤੰਬਰ ਨੂੰ ਹੋਈ ਸੀ, ਜਦੋਂ ਚਾਂਦਨੀ ਚੌਕ ਤੋਂ ਦੋ ਵਿਅਕਤੀ ਨਕਦੀ ਲੈ ਕੇ ਸਫ਼ਦਰਜੰਗ ਵੱਲ ਜਾ ਰਹੇ ਸੀ। ਇਸ ਦੌਰਾਨ ਗੀਤਾ ਕਾਲੋਨੀ ਫਲਾਈਓਵਰ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਤੋਂ 1.5 ਕਰੋੜ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਜੁਆਇੰਟ ਸੀ.ਪੀ. ਮਧੁਰ ਵਰਮਾ ਅਤੇ ਡੀ.ਸੀ.ਪੀ. ਰੋਹਿਤ ਰਾਜਵੀਰ ਸਿੰਘ ਨੇ ਦੱਸਿਆ ਕਿ ਵਾਰਦਾਤ ਵਿੱਚ ਟੌਏ ਲਾਈਟਰ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ।

ਅਧਿਕਾਰੀ ਨੇ ਅੱਗੇ ਦੱਸਿਆ ਕਿ ਮਾਮਲੇ ਦਾ ਮਾਸਟਰਮਾਈਂਡ 27 ਸਾਲਾ ਰਿੰਕੂ ਹੈ, ਜੋ ਲੁਧਿਆਣਾ ਦਾ ਰਹਿਣ ਵਾਲਾ ਹੈ। ਰਿੰਕੂ ਨੂੰ ਪੁਲਸ ਨੇ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਪਹਿਲਾਂ ਕਰੋਲ ਬਾਗ 'ਚ ਅਕਾਊਂਟੈਂਟ ਵਜੋਂ ਕੰਮ ਕਰਦਾ ਸੀ। ਨੌਕਰੀ ਛੁੱਟਣ ਤੋਂ ਬਾਅਦ ਉਸ ਨੇ ਚਾਂਦਨੀ ਚੌਕ 'ਚ ਹੋਣ ਵਾਲੀ ਨਕਦੀ ਦੀ ਹੇਰ-ਫੇਰ ਅਤੇ ਆਵਾਜਾਈ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸੇ ਦੌਰਾਨ ਉਸ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਲੁੱਟ ਤੋਂ ਬਾਅਦ ਮੁਲਜ਼ਮਾਂ ਨੇ ਉੱਤਮ ਨਗਰ 'ਚ ਕਿਰਾਏ 'ਤੇ ਲਏ ਕਮਰੇ 'ਚ ਪੈਸੇ ਵੰਡੇ ਸੀ। ਫਿਲਾਹਲ ਪੁਲਸ ਨੇ ਇਸ ਗਿਰੋਹ ਦੇ 6 ਮੈਂਬਰਾਂ 'ਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਮੁਲਜ਼ਮ ਹਾਲੇ ਫ਼ਰਾਰ ਹੈ।


author

Harpreet SIngh

Content Editor

Related News