ਸਾਊਦੀ ਅਰਬ ''ਚ ਲਾਪਤਾ ਹੋਈ ਜੀਵਨ ਜੋਤੀ ਪਹੁੰਚੀ ਦੇਸ਼ ''ਤੇ ਸੁਣਾਈ ਹੱਡਬੀਤੀ

01/03/2018 7:26:42 AM

ਗੁਰਾਇਆ, (ਮੁਨੀਸ਼)– ਸਾਊਦੀ ਅਰਬ ਵਿਚ ਲਾਪਤਾ ਹੋਈ ਪਿੰਡ ਰੁੜਕਾ ਖੁਰਦ ਦੀ 34 ਸਾਲਾ ਜੀਵਨ ਜੋਤੀ ਪਤਨੀ ਸੁਦਰਸ਼ਨ ਕੁਮਾਰ ਮੰਗਲਵਾਰ ਨੂੰ ਆਪਣੇ ਪਿੰਡ ਪਹੁੰਚ ਗਈ ਹੈ, ਜਿਸ ਦੇ ਪਿੰਡ ਆਉਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ, ਬੱਚਿਆਂ ਵਿਚ ਖੁਸ਼ੀ ਦੀ ਲਹਿਰ ਹੈ। ਉਸ ਨੂੰ ਮਿਲਣ ਲਈ ਵੱਡੀ ਗਿਣਤੀ ਵਿਚ ਪਿੰਡ ਵਾਸੀ ਉਸ ਦੇ ਘਰ ਪਹੁੰਚੇ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜੀਵਨ ਜੋਤੀ ਨੇ ਆਪਣੇ 'ਤੇ ਹੋਏ ਤਸ਼ੱਦਦ ਅਤੇ ਸਾਊਦੀ ਅਰਬ ਤੋਂ ਲੈ ਕੇ ਵਾਪਸ ਆਉਣ ਤੱਕ ਪੇਸ਼ ਆਈਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। 
ਜੋਤੀ ਨੇ ਦੱਸਿਆ ਕਿ ਉਹ 11 ਜੂਨ 2017 ਨੂੰ ਪਿੰਡ ਦੇ ਇਕ ਏਜੰਟ ਜ਼ਰੀਏ ਸਾਊਦੀ ਅਰਬ ਵਿਚ ਜਦਾ ਸ਼ਹਿਰ ਗਈ ਸੀ, ਜਿਥੇ ਉਹ 12 ਜੂਨ ਨੂੰ ਪਹੁੰਚੀ। ਪਹੁੰਚਦੇ ਹੀ ਉਸ ਨੂੰ ਸਿੱਧਾ ਹਸਪਤਾਲ ਵਿਚ ਲੈ ਗਏ, ਜਿਥੇ ਔਰਤ ਦੀ ਡਲਿਵਰੀ ਹੋਈ ਸੀ। ਔਰਤ ਦਾ ਬੱਚਾ ਸੰਭਾਲਣ ਲਈ ਉਸ ਦੀ ਡਿਊਟੀ ਲਗਾਈ। ਜੀਵਨ ਜੋਤੀ ਨੇ ਦੱਸਿਆ ਕਿ ਉਹ 6 ਦਿਨ ਹਸਪਤਾਲ ਵਿਚ ਰਹੀ, ਜਿਥੇ ਉਸ ਨੂੰ ਰੋਜ਼ਾਨਾ ਸਵੇਰੇ 5 ਵਜੇ ਸੌਣ ਦਿੱਤਾ ਜਾਂਦਾ ਤੇ 9 ਵਜੇ ਦੁਬਾਰਾ ਕੰਮ 'ਤੇ ਲਗਾ ਦਿੱਤਾ ਜਾਂਦਾ ਸੀ। ਉਸ ਨੇ ਦੱਸਿਆ ਕਿ ਕਰੀਬ 2 ਮਹੀਨੇ ਮਾਲਕਣ ਨੇ ਉਸ ਨਾਲ ਵਿਵਹਾਰ ਠੀਕ ਰੱਖਿਆ ਅਤੇ ਸਮੇਂ 'ਤੇ ਸੈਲਰੀ ਦੇ ਰਹੀ ਸੀ ਪਰ ਬਾਅਦ ਵਿਚ ਉਸ ਦੇ ਮਾਲਕਾਂ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਘਰ ਦੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਦਾ ਵੀ ਕੰਮ ਉਸ ਕੋਲੋਂ ਕਰਵਾਉਣਾ ਸ਼ੁਰੂ ਕਰ ਦਿੱਤਾ। ਕੰਮ ਕਰਦੇ ਸਮੇਂ ਇਕ ਵਾਰ ਉਸ ਨੂੰ ਕਰੰਟ ਲੱਗ ਗਿਆ ਅਤੇ ਸੱਟ ਲੱਗ ਗਈ ਸੀ। ਵਾਰ-ਵਾਰ ਕਹਿਣ ਦੇ ਬਾਵਜੂਦ ਨਾ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਨਾ ਹੀ ਦਵਾਈ ਲੈ ਕੇ ਦਿੱਤੀ ਗਈ। ਤਿੰਨ ਮਹੀਨਿਆਂ ਦੀ ਸੈਲਰੀ ਵੀ ਉਸ ਨੂੰ ਨਹੀਂ ਦਿੱਤੀ ਗਈ।
ਪੀੜਤਾ ਨੇ ਦੱਸਿਆ ਕਿ 5 ਦਸੰਬਰ ਨੂੰ ਉਸ ਨੂੰ ਇੰਡੀਅਨ ਅੰਬੈਸੀ ਵਿਚ ਲਿਜਾਣ ਦਾ ਕਹਿ ਕੇ ਦਿੱਲੀ ਦੀ ਏਜੰਟ ਦੀ ਸਹੇਲੀ ਜੋ ਸਾਊਦੀ ਅਰਬ ਵਿਚ ਹੀ ਰਹਿੰਦੀ ਹੈ, ਕਿਸੇ ਹੋਰ ਸ਼ੇਖ ਦੇ ਘਰ ਲੈ ਗਈ, ਜਿਥੇ ਉਸ ਨੂੰ ਦੋ ਦਿਨ ਰੱਖਿਆ ਗਿਆ ਅਤੇ ਉਸ ਨੂੰ ਕਾਫੀ ਪ੍ਰੇਸ਼ਾਨ ਕੀਤਾ ਗਿਆ। ਇਸ ਦੀ ਵੀਡੀਓ ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਭੇਜੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦਾ ਫੋਨ ਮੁਲਜ਼ਮਾਂ ਨੇ ਆਪਣੇ ਕੋਲ ਰੱਖ ਲਿਆ ਅਤੇ ਅੰਬੈਸੀ ਵਿਚ ਛੱਡਣ ਜਾਣ ਦੇ ਬਹਾਨੇ ਉਸ ਨੂੰ ਜੰਗਲ ਵਿਚ ਛੱਡ ਦਿੱਤਾ। ਬਾਅਦ ਵਿਚ ਸਾਊਦੀ ਦੀ ਪੁਲਸ ਉਸ ਨੂੰ ਉਥੋਂ ਲੈ ਗਈ। 7 ਤੋਂ 11 ਦਸੰਬਰ ਤੱਕ ਉਸ ਨੂੰ ਕਸੀਮ ਜੇਲ ਵਿਚ ਰੱਖਿਆ ਗਿਆ ਅਤੇ 11 ਦਸੰਬਰ ਨੂੰ ਇੰਡੀਅਨ ਅੰਬੈਸੀ ਵਿਚ ਸਾਊਦੀ ਪੁਲਸ ਉਸ ਨੂੰ ਛੱਡ ਆਈ। 
ਜੀਵਨ ਜੋਤੀ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਅਤੇ ਪੈਸੇ ਉਸ ਦੇ ਮਾਲਕਾਂ ਨੇ ਹੀ ਰੱਖ ਲਏ ਸਨ, ਜਿਸ ਕਾਰਨ ਇੰਡੀਅਨ ਅੰਬੈਸੀ ਨੇ 20 ਦਸੰਬਰ ਨੂੰ ਉਸ ਦਾ ਐਮਰਜੈਂਸੀ ਪਾਸਪੋਰਟ ਜਾਰੀ ਕੀਤਾ ਅਤੇ 31 ਦਸੰਬਰ ਨੂੰ ਭਾਰਤੀ ਅੰਬੈਸੀ ਨੇ ਉਸ ਨੂੰ ਭਾਰਤ ਭੇਜਿਆ।  ਦਿੱਲੀ ਏਅਰਪੋਰਟ 'ਤੇ ਕਰੀਬ 6 ਘੰਟੇ ਦੀ ਜਾਂਚ ਤੋਂ ਬਾਅਦ ਉਹ ਰਾਤ 11 ਵਜੇ ਏਅਰਪੋਰਟ ਤੋਂ ਆਪਣੇ ਨਾਲ ਸਾਊਦੀ ਤੋਂ ਆਈਆਂ ਦੋ ਹੋਰ ਔਰਤਾਂ ਦੇ ਨਾਲ ਰੇਲਵੇ ਸਟੇਸ਼ਨ 'ਤੇ ਗਈ ਪਰ ਉਥੇ ਵੀ ਉਸ ਦੀ ਸਮੱਸਿਆ ਖਤਮ ਨਹੀਂ ਹੋਈ। ਉਸ ਦੇ ਨਾਲ ਆਈਆਂ ਔਰਤਾਂ ਨੇ ਵੀ ਉਸ ਨੂੰ ਧੋਖਾ ਦੇ ਦਿੱਤਾ ਅਤੇ ਉਸ ਨੂੰ ਸਟੇਸ਼ਨ 'ਤੇ ਹੀ ਛੱਡ ਕੇ ਰੇਲ ਗੱਡੀ ਵਿਚ ਬੈਠ ਕੇ ਚਲੀਆਂ ਗਈਆਂ। ਜੀਵਨ ਜੋਤੀ ਨੇ ਦੱਸਿਆ ਕਿ ਉਹ ਕਾਫੀ ਸਦਮੇ ਵਿਚ ਸੀ ਅਤੇ ਬੇਹੋਸ਼ ਹੋ ਕੇ ਉਹ ਸਟੇਸ਼ਨ 'ਤੇ ਡਿੱਗ ਗਈ, ਜਿਸ ਨੂੰ ਉਥੇ ਇਕ ਔਰਤ ਨੇ ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਚ ਛੱਡ ਦਿੱਤਾ। 1 ਜਨਵਰੀ ਨੂੰ ਉਹ ਪੂਰਾ ਦਿਨ ਉਥੇ ਰੋਂਦੀ ਰਹੀ ਅਤੇ ਲੋਕਾਂ ਨੂੰ ਮਦਦ ਦੀ ਗੁਹਾਰ ਲਾਉਂਦੀ ਰਹੀ। ਉਸ ਕੋਲ ਨਾ ਤਾਂ ਪੈਸੇ ਸਨ ਤੇ ਨਾ ਹੀ ਆਪਣੇ ਪਰਿਵਾਰਕ ਮੈਂਬਰਾਂ ਦਾ ਫੋਨ ਨੰਬਰ ਯਾਦ ਸੀ। 
ਪੀੜਤਾ ਜੋਤੀ ਨੇ ਦੱਸਿਆ ਕਿ 2 ਜਨਵਰੀ ਨੂੰ ਉਹ ਗੁਰਦੁਆਰਾ ਸਾਹਿਬ ਵਿਚ ਬੈਠੀ ਰੋ ਰਹੀ ਸੀ ਤਾਂ ਉਥੇ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਤੋਂ ਸ਼ਰਧਾਲੂ ਆਏ। ਉਨ੍ਹਾਂ ਨੇ ਉਸ ਦੀ ਮਦਦ ਕੀਤੀ ਅਤੇ ਆਪਣੇ ਨਾਲ ਮੰਗਲਵਾਰ ਨੂੰ ਰੇਲ ਗੱਡੀ ਵਿਚ ਲੈ ਕੇ ਆਏ ਤੇ ਫਗਵਾੜਾ ਉਤਾਰਿਆ। 


Related News