328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ''ਚ ਸਿੱਖ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ, ਦਿੱਤੀ ਚਿਤਾਵਨੀ
Wednesday, Dec 24, 2025 - 05:58 PM (IST)
ਅੰਮ੍ਰਿਤਸਰ (ਵੈੱਬ ਡੈਸਕ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਗੰਭੀਰ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਗੁੱਸਾ ਇਕ ਵਾਰ ਫਿਰ ਫੁੱਟ ਪਿਆ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਡੀ. ਸੀ. ਪੀ. ਨੂੰ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ: Punjab: ਲੋਕ ਦੇਣ ਧਿਆਨ! ਆਰਜ਼ੀ ਤੌਰ 'ਤੇ ਬੰਦ ਕੀਤਾ ਗਿਆ ਇਤਿਹਾਸਕ ਨਗਰੀ ਦਾ ਇਹ ਪੁਲ
ਜਾਂਚ ਰਿਪੋਰਟ ਦੇ ਬਾਵਜੂਦ ਕੋਈ ਗ੍ਰਿਫ਼ਤਾਰੀ ਨਹੀਂ
ਸਿੱਖ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2020 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ 'ਤੇ ਡਾ. ਈਸ਼ਵਰ ਸਿੰਘ ਦੀ ਦੇਖ-ਰੇਖ ਹੇਠ ਇਸ ਮਾਮਲੇ ਦੀ ਜਾਂਚ ਕਰਵਾਈ ਗਈ ਸੀ। ਜਾਂਚ ਰਿਪੋਰਟ ਵਿੱਚ 328 ਸਰੂਪਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਟਾਸਕ ਫੋਰਸ ਵੱਲੋਂ ਲਾਠੀਚਾਰਜ ਅਤੇ ਦਸਤਾਰਾਂ ਦੀ ਬੇਅਦਬੀ ਦਾ ਦੋਸ਼
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਤਰਲੋਚਨ ਸਿੰਘ ਸੋਹਲ ਅਤੇ ਹੋਰ ਆਗੂਆਂ ਦੀ ਅਗਵਾਈ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਲੰਬੇ ਸਮੇਂ ਤੋਂ ਸ਼ਾਂਤਮਈ ਮੋਰਚਾ ਲਗਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੋਰਚੇ ਦੇ 41ਵੇਂ ਦਿਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਸਿੱਖਾਂ 'ਤੇ ਬਲ ਪ੍ਰਯੋਗ ਕੀਤਾ, ਜਿਸ ਦੌਰਾਨ ਸਿੱਖਾਂ ਦੀਆਂ ਦਸਤਾਰਾਂ ਦੀ ਬੇਅਦਬੀ ਹੋਈ ਅਤੇ ਕਈ ਸਿੱਖ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸੜਕ 'ਤੇ ਖੜ੍ਹੀ ਕਾਰ ਦਾ ਅੰਦਰਲਾ ਹਾਲ ਵੇਖ ਲੋਕਾਂ ਦੇ ਉੱਡੇ ਹੋਸ਼! ਗੋਲ਼ੀਆਂ ਨਾਲ ਵਿੰਨ੍ਹੀ ਮਿਲੀ...
ਪੀੜਤਾਂ 'ਤੇ ਹੀ ਦਰਜ ਹੋਏ ਝੂਠੇ ਕੇਸ
ਸਿੱਖ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲਸ ਨੇ ਪੀੜਤ ਸਿੱਖਾਂ 'ਤੇ ਹੀ ਐੱਫ਼. ਆਈ. ਆਰ. ਨੰਬਰ 177 ਅਤੇ 296 ਤਹਿਤ ਝੂਠੇ ਮੁਕੱਦਮੇ ਦਰਜ ਕਰ ਦਿੱਤੇ। ਹਾਲਾਂਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮਾਮਲਾ ਤਾਂ ਦਰਜ ਹੋਇਆ, ਪਰ ਪੰਜ ਸਾਲ ਬੀਤ ਜਾਣ 'ਤੇ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਵੱਡੇ ਅੰਦੋਲਨ ਦੀ ਚਿਤਾਵਨੀ
ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਬੇਕਸੂਰ ਸਿੱਖ ਆਗੂਆਂ 'ਤੇ ਦਰਜ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ। ਦੋਸ਼ੀਆਂ ਨੂੰ ਆਈ. ਪੀ. ਸੀ. ਦੀ ਧਾਰਾ 307, 326 ਅਤੇ 325 ਤਹਿਤ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਸਿੱਖ ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਸ ਨੇ ਢਿੱਲੀ ਕਾਰਵਾਈ ਜਾਰੀ ਰੱਖੀ ਤਾਂ ਸ਼ਹੀਦੀ ਦਿਹਾੜਿਆਂ ਦੀ ਸਮਾਪਤੀ ਤੋਂ ਬਾਅਦ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਇਹ ਲੜਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਡਾਕਟਰਾਂ 'ਤੇ ਡਿੱਗੇਗੀ ਗਾਜ! ਵੱਡੀ ਕਾਰਵਾਈ ਕਰਨ ਦੇ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
