ਹੁਣ ਇਸ ਦੇਸ਼ ਨੇ Deport ਕੀਤੇ ਪੰਜਾਬੀ! ਦਿੱਤੇ ਗਏ ਤਸੀਹੇ; ਅੰਮ੍ਰਿਤਸਰ ਪਹੁੰਚੀ Flight
Monday, Dec 22, 2025 - 01:09 PM (IST)
ਅੰਮ੍ਰਿਤਸਰ (ਵੈੱਬ ਡੈਸਕ): ਮਲੇਸ਼ੀਆ ਸਰਕਾਰ ਵੱਲੋਂ ਪੰਜਾਬੀਆਂ ਸਣੇ ਬਹੁਤ ਸਾਰੇ ਭਾਰਤੀਆਂ ਨੂੰ ਡਿਪੋਰਟ ਕਰ ਕੇ ਵਾਪਸ ਭਾਰਤ ਭੇਜਿਆ ਗਿਆ ਹੈ। ਇਨ੍ਹਾਂ ਦੀ ਫ਼ਲਾਈਟ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਈ। ਇਸ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਲੇਸ਼ੀਆ ਵਿਚ ਅਣਮਨੁੱਖੀ ਤਸੀਹੇ ਵੀ ਦਿੱਤੇ ਗਏ।
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਏਅਰਪੋਰਟ 'ਤੇ ਇਨ੍ਹਾਂ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਔਜਲਾ ਨੇ ਦੱਸਿਆ ਕਿ ਇਨ੍ਹਾਂ ਨੇ ਨੌਜਵਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਟੂਰਿਸਟ ਤੇ ਰੋਜ਼ਗਾਰ ਵੀਜ਼ਿਆਂ 'ਤੇ ਉੱਥੇ ਗਏ ਸਨ, ਪਰ ਉਨ੍ਹਾਂ ਨੂੰ ਮਲੇਸ਼ੀਆ ਏਅਰਪੋਰਟ 'ਤੇ ਹੀ ਰੋਕ ਲਿਆ ਗਿਆ। ਉੱਥੇ ਮਲੇਸ਼ੀਆ ਸਰਕਾਰ ਅਤੇ ਏਅਰਪੇਰਟ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਬਹੁਤ ਹੀ ਅਪਮਾਨਜਨਕ ਵਿਹਾਰ ਕੀਤਾ ਗਿਆ, ਇੱਥੋਂ ਤੱਕ ਕਿ ਗੈਰ-ਮਨੁੱਖੀ ਤਸ਼ੱਦਦ ਵੀ ਕੀਤਾ ਗਿਆ ਹੈ। ਔਜਲਾ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਜਿਆਦਾਤਰ ਪੰਜਾਬੀ ਭਾਈਚਾਰੇ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਕਿਹਾ ਕਿ ਅਸੀਂ ਕਿਸੇ ਵੀ ਭਾਰਤੀ ਨਾਗਰਿਕ ਨਾਲ ਵਿਦੇਸ਼ੀ ਧਰਤੀ ’ਤੇ ਇਸ ਤਰ੍ਹਾਂ ਦਾ ਸਲੂਕ ਕਦੇ ਵੀ ਬਰਦਾਸ਼ਤ ਨਹੀ ਕਰਾਂਗੇ।
ਸੰਸਦ ਮੈਂਬਰ ਨੇ ਨੌਜਵਾਨਾਂ ਨੂੰ ਕੱਲ੍ਹ ਆਪਣੇ ਦਫ਼ਤਰ ਆਉਣ ਲਈ ਕਿਹਾ ਕਿ ਇਹ ਵੀ ਦੱਸਿਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਉਹ ਇਹ ਮਾਮਲਾ ਜਲਦ ਹੀ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਜੀ ਦੇ ਧਿਆਨ ਵਿਚ ਲਿਆਉਣਗੇ। ਨਾਲ ਹੀ ਮਲੇਸ਼ੀਆ ਵਿਚ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਇਸ ਗੰਭੀਰ ਮਾਮਲੇ ’ਤੇ ਤੁਰੰਤ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿਚ ਕਿਸੇ ਵੀ ਭਾਰਤੀ ਨਾਲ ਇਸ ਤਰ੍ਹਾਂ ਦੀ ਬੇਇੱਜ਼ਤੀ ਦੁਬਾਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਨੌਜਵਾਨਾਂ ਦੀ ਇੱਜ਼ਤ, ਸੁਰੱਖਿਆ ਅਤੇ ਹੱਕਾਂ ਲਈ ਅਸੀਂ ਹਮੇਸ਼ਾਂ ਡਟ ਕੇ ਖੜ੍ਹੇ ਰਹਾਂਗੇ।
