ਮਾਸਕੋ ਤੋਂ ਪਰਤੇ ਪਰਿਵਾਰਕ ਮੈਂਬਰਾਂ ਦਾ ਖੁਲਾਸਾ: ਰੂਸ ਫੌਜ 'ਚ ਭਰਤੀ 10 ਭਾਰਤੀਆਂ ਦੀ ਮੌਤ, 4 ਅਜੇ ਵੀ ਲਾਪਤਾ
Sunday, Dec 28, 2025 - 10:30 PM (IST)
ਲੋਹੀਆਂ ਖਾਸ, (ਸੁਖਪਾਲ ਰਾਜਪੂਤ)- ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਨੂੰ ਗਏ ਭਾਰਤੀ ਨੌਜਵਾਨ ਜਿਹੜੇ ਰੂਸ ਦੀ ਫੌਜ 'ਚ ਭਰਤੀ ਹੋ ਗਏ ਸਨ। ਉਨ੍ਹਾਂ ''ਚੋਂ 10 ਜਣਿਆਂ ਦੀ ਮੌਤ ਹੋ ਗਈ। ਇੰਨ੍ਹਾਂ ''ਚ ਤਿੰਨ ਪੰਜਾਬ ਦੇ ਨੌਜਵਾਨ ਵੀ ਸ਼ਾਮਿਲ ਹਨ। ਰੂਸੀ ਫੌਜ 'ਚ ਯੂਕਰੇਨ ਨਾਲ ਜੰਗ ਲੜਦਿਆ ਆਪਣੀ ਜਾਨ ਗਵਾਉਣ ਵਾਲਿਆਂ 'ਚ ਤਿੰਨ ਪੰਜਾਬੀ ਵੀ ਬਾਕੀ 7 ਨੌਜਵਾਨ ਉਤਰ ਪ੍ਰਦੇਸ਼, ਜੰਮੂ ਨਾਲ ਸੰਬੰਧਤ। ਇੰਨ੍ਹਾਂ ਨੌਜਵਾਨਾਂ ਨੂੰ ਲੱਭਣ ਵਾਸਤੇ ਪੰਜਾਬ ਤੋਂ ਰੂਸ ਗਏ ਨੌਜਵਾਨ ਜਗਦੀਪ ਸਿੰਘ ਨੇ ਮਾਸਕੋ ਸਮੇਤ ਹੋਰ ਥਾਂਵਾਂ ‘ਤੇ ਭਾਰਤੀ ਨੌਜਵਾਨਾਂ ਦੀ ਭਾਲ ਕੀਤੀ ਜਿਹੜੇ ਰੂਸ ਫੌਜ 'ਚ ਭਰਤੀ ਹੋਏ ਸਨ ਪਰ ਉਨ੍ਹਾਂ ਦਾ ਕੋਈ ਥੁਹ ਪਤਾ ਨਹੀਂ ਸੀ ਲੱਗ ਰਿਹਾ।
ਵਾਪਸ ਪਰਤੇ ਨੌਜਵਾਨ ਜਗਦੀਪ ਕੁਮਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਪਹੁੰਚ ਕੇ ਉਹ ਸਾਰੇ ਦਸਤਾਵੇਜ਼ ਦਿਖਾਏ ਜਿਸ 'ਚ ਰੂਸੀ ਫੌਜ ਨੇ ਇੰਨ੍ਹਾਂ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਇੰਨ੍ਹਾਂ ਮਾਰੇ ਗਏ ਨੌਜਵਾਨਾਂ ਦੇ ਮਾਪੇ ਤਾਂ ਆਪਣੇ ਪੁੱਤਰਾਂ ਦੀ ਸੁੱਖ-ਸਾਂਦ ਉਡੀਕ ਰਹੇ ਸਨ ਪਰ ਉਨ੍ਹਾਂ ਨੂੰ ਲੰਮੇ ਸਮੇਂ ਬਾਅਦ ਆਪਣਿਆਂ ਦੇ ਯੂਕਰੇਨ-ਰੂਸ ਵਿੱਚਾਲੇ ਛਿੜੀ ਜੰਗ ਦੀ ਭੇਟ ਚੜ੍ਹ ਜਾਣ ਦੀਆਂ ਖ਼ਬਰਾਂ ਵੀ ਬਹੁਤ ਦੇਰ ਬਾਅਦ ਮਿਲੀਆਂ। ਜਗਦੀਪ ਮੁਤਾਬਿਕ ਜਿਹੜੇ 10 ਭਾਰਤੀ ਰੂਸ ਦੀ ਫੌਜ 'ਚ ਮਾਰੇ ਗਏ ਉਹ ਅੰਮ੍ਰਿਤਸਰ ਦੇ ਤੇਜ਼ਪਾਲ ਸਿੰਘ, ਲਖਨਊ ਦੇ ਅਰਵਿੰਦ ਕੁਮਾਰ, ਯੂ.ਪੀ. ਦੇ ਧੀਰੇਂਦਰ ਕੁਮਾਰ, ਵਿਨੋਦ ਯਾਦਵ ਤੇ ਯੋਗੇਂਦਰ ਯਾਦਵ ਸਮੇਤ 5 ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਹੜੇ ਚਾਰ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ, ਉਨ੍ਹਾਂ 'ਚ ਦੀਪਕ, ਯੋਗੇਸ਼ਵਰ ਪ੍ਰਸ਼ਾਦ, ਅਜ਼ਹੁਰੂਦੀਨ ਖਾਨ ਅਤੇ ਰਾਮ ਚੰਦਰ ਸ਼ਾਮਿਲ ਹਨ।
ਜਗਦੀਪ ਨੇ ਦੱਸਿਆ ਕਿ ਉਸ ਵੱਲੋਂ ਸੰਤ ਸੀਚੇਵਾਲ ਨਾਲ ਪਹਿਲੀ ਮੁਲਾਕਾਤ 29 ਜੂਨ 2024 ਨਾਲ ਕੀਤੀ ਗਈ ਸੀ। ਜਿਸ ਦੌਰਾਨ ਉਹਨਾਂ ਆਪਣੇ ਭਰਾ ਮਨਦੀਪ ਸਮੇਤ ਰਸ਼ੀਅਨ ਆਰਮੀ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਸੀ। ਜਿਸਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਰਸ਼ੀਅਨ ਆਰਮੀ 'ਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪੱਤਰ ਦਿੱਤਾ ਸੀ। ਜਗਦੀਪ ਨੇ ਦੱਸਿਆ ਕਿ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਇਸ ਮਾਮਲੇ 'ਚ ਪੀੜਤ ਪਰਿਵਾਰਾਂ ਦੀ ਮਦੱਦ ਕਰ ਰਹੇ ਹਨ। ਸੰਤ ਸੀਚੇਵਾਲ ਵੱਲੋਂ ਕੀਤੀ ਕਾਰਵਾਈ ਸਦਕਾ ਕਿੰਨੇ ਹੀ ਭਾਰਤੀ ਬੱਚੇ ਸੁਰੱਖਿਅਤ ਆਪਣੇ ਪਰਿਵਾਰਾਂ ਵਿੱ'ਚ ਪਹੁੰਚ ਗਏ ਹਨ।
ਜਗਦੀਪ ਨੇ ਉਸਨੂੰ ਆਪਣੇ ਭਰਾ ਮਨਦੀਪ ਬਾਰੇ ਕੁੱਝ ਵੀ ਨਹੀ ਪਤਾ ਲੱਗਾ ਤਾਂ ਉਸਨੇ ਰਸ਼ੀਆ ਜਾਣ ਦਾ ਫੈਸਲਾ ਕੀਤਾ ਸੀ। ਰਸ਼ੀਆ ਜਾਣ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਉਹਨਾਂ ਨੂੰ ਟਿਕਟਾਂ ਵੀ ਕਰਵਾ ਕੇ ਦਿੱਤੀਆਂ ਤੇ ਇੱਕ ਪੱਤਰ ਵੀ ਦਿੱਤਾ ਸੀ, ਤਾਂ ਜੋ ਰਸ਼ੀਆ 'ਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹ 2 ਵਾਰ ਰਸ਼ੀਆ 'ਚ ਜਾ ਚੁੱਕੇ ਹਨ। ਪਹਿਲੀ ਫੇਰੀ ਦੌਰਾਨ 21 ਦਿਨਾਂ 'ਚ ਉਹ ਫਸੇ ਭਾਰਤੀ ਤੇ ਖਾਸਕਰ ਪੰਜਾਬੀ ਨੌਜਵਾਨਾਂ ਦੀ ਭਾਲ ਕਰਦੇ ਰਹੇ। ਰੂਸੀ ਭਾਸ਼ਾ ਦੀ ਸਮੱਸਿਆ ਕਾਰਣ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਦੂਜੀ ਵਾਰ ਉਹ 2 ਮਹੀਨੇ ਉੱਥੇ ਰਹੇ ਤੇ ਬਹੁਤ ਸਾਰੀ ਜਾਣਕਾਰੀ ਉੱਥੇ ਹਾਸਲ ਕੀਤੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਲ ਰਸੂਖ ਵਰਤ ਕੇ ਰਸ਼ੀਆ ਦੀ ਫੌਜ 'ਚ ਭਰਤੀ ਹੋ ਰਹੇ ਭਾਰਤੀ ਨੌਜਵਾਨਾਂ ਤੇ ਮੁਕੰਮਲ ਰੋਕ ਲਗਾਵੇ। ਉਹਨਾਂ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਨੇ ਰਸ਼ੀਅਨ ਆਰਮੀ 'ਚ ਜਿਹੜੇ ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਤੱਕ ਪਹੁੰਚਦੀਆਂ ਕੀਤੀਆ ਜਾਣ ਤਾਂ ਜੋ ਪੀੜਤ ਪਰਿਵਾਰ ਆਪਣੇ ਬੱਚਿਆਂ ਦੇ ਅੰਤਿਮ ਸੰਸਕਾਰ ਆਪਣੀਆਂ ਰੀਤੀ ਰਿਵਾਜਾਂ ਮੁਤਾਬਿਕ ਕਰ ਸਕਣ।
ਉਹਨਾਂ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਹੜੇ ਟਰੈਵਲ ਏਜੰਟ ਨੌਜਵਾਨਾਂ ਨੂੰ ਝਾਂਸਾ ਦੇ ਕੇ ਆਰਮੀ 'ਚ ਭਰਤੀ ਕਰਵਾ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਦੁੱਖ ਦੇ ਸਮੇਂ ਉਹਨਾਂ ਦੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹਨ।
