ਪੰਜਾਬ: ਕਾਰਜਕਾਰੀ ਸਰਪੰਚ ''ਤੇ ਸ਼ਰੇਆਮ ਹੋਈ ਫ਼ਾਇਰਿੰਗ! ਪਿੰਡ ਰਾਜਗੜ੍ਹ ''ਚ ਮਚੀ ਤਰਥੱਲੀ
Thursday, Dec 25, 2025 - 11:43 AM (IST)
ਦੋਰਾਹਾ (ਵਿਨਾਇਕ): ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਵਿਚ ਬੁੱਧਵਾਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਐਕਟਿੰਗ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਉੱਤੇ ਗੋਲ਼ੀਆਂ ਚਲਾਉਣ ਦੀ ਗੰਭੀਰ ਘਟਨਾ ਸਾਹਮਣੇ ਆਈ। ਇਸ ਅਚਾਨਕ ਫਾਇਰਿੰਗ ਨਾਲ ਪਿੰਡ ਵਾਸੀਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਦੋਰਾਹਾ ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਐਕਟਿੰਗ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਦੀ ਪਿੰਡ ਦੇ ਕੁਝ ਨੌਜਵਾਨਾਂ ਨਾਲ ਕਿਸੇ ਕਾਗਜ਼ਾਤ ਉੱਤੇ ਦਸਤਖ਼ਤਾਂ ਨੂੰ ਲੈ ਕੇ ਤਕਰਾਰ ਹੋ ਗਈ ਸੀ। ਇਸ ਦੌਰਾਨ ਨੌਜਵਾਨਾਂ ਨੇ ਆਪਣੇ ਭਰਾ ਨੂੰ ਫ਼ੋਨ ਕਰਕੇ ਮੌਕੇ ‘ਤੇ ਬੁਲਾ ਲਿਆ। ਉਕਤ ਵਿਅਕਤੀ ਆਪਣੇ ਇੱਕ ਹੋਰ ਸਾਥੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ‘ਤੇ ਪਹੁੰਚਿਆ ਅਤੇ ਆਉਂਦੇ ਹੀ ਕਾਰ ਸਵਾਰ ਐਕਟਿੰਗ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਉੱਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ, ਜਿਸ ਉਪਰੰਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਅਨੁਸਾਰ, ਐਕਟਿੰਗ ਸਰਪੰਚ ਦੀ ਕਾਰ ਉੱਤੇ ਲਗਭਗ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ ਹਨ। ਗੋਲੀਆਂ ਕਾਰ ‘ਚ ਲੱਗੀਆਂ, ਪਰ ਐਕਟਿੰਗ ਸਰਪੰਚ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਦੋਰਾਹਾ ਪੁਲਸ ਨੂੰ ਪਿੰਡ ਰਾਜਗੜ੍ਹ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨਪ੍ਰੀਤ ਸਿੰਘ ਗੋਲਡੀ ਪਿੰਡ ਦੇ ਐਕਟਿੰਗ ਸਰਪੰਚ ਹਨ, ਕਿਉਂਕਿ ਪਿੰਡ ਦੇ ਮੌਜੂਦਾ ਸਰਪੰਚ ਜਗਤਾਰ ਸਿੰਘ ਵਿਦੇਸ਼ ਗਏ ਹੋਏ ਹਨ ਅਤੇ ਆਪਣੀਆਂ ਪਾਵਰਾਂ ਮਨਪ੍ਰੀਤ ਸਿੰਘ ਗੋਲਡੀ ਨੂੰ ਸੌਂਪ ਕੇ ਗਏ ਹਨ। ਡੀਐਸਪੀ ਨੇ ਹੋਰ ਦੱਸਿਆ ਕਿ ਦੂਸਰੀ ਧਿਰ ਵਿੱਚ ਸ਼ਾਮਲ ਮਨਜੋਤ ਸਿੰਘ ਅਤੇ ਪ੍ਰਭਜੋਤ ਸਿੰਘ ਵੱਲੋਂ ਐਕਟਿੰਗ ਸਰਪੰਚ ਤੋਂ ਕੁਝ ਕਾਗਜ਼ਾਤ ਉੱਤੇ ਦਸਤਖ਼ਤ ਕਰਵਾਉਣੇ ਸਨ, ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਭਰਾ ਇੰਦਰਜੀਤ ਸਿੰਘ ਨੂੰ ਮੌਕੇ ‘ਤੇ ਬੁਲਾ ਲਿਆ, ਜਿਸ ਨੇ ਪਹੁੰਚਦੇ ਹੀ ਐਕਟਿੰਗ ਸਰਪੰਚ ਦੀ ਕਾਰ ਉੱਤੇ ਚਾਰ ਤੋਂ ਪੰਜ ਰਾਊਂਡ ਫਾਇਰ ਕਰ ਦਿੱਤੇ। ਪੁਲਸ ਨੇ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਜ਼ੋਰ-ਸ਼ੋਰ ਨਾਲ ਜਾਰੀ ਹੈ। ਡੀ.ਐੱਸ.ਪੀ. ਗਰੇਵਾਲ ਨੇ ਭਰੋਸਾ ਦਿੱਤਾ ਹੈ ਕਿ ਹਮਲਾਵਰਾਂ ਨੂੰ ਜਲਦ ਹੀ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
