ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ਤਮ ਕੀਤੀ ਜੀਵਨ ਲੀਲਾ
Thursday, Dec 25, 2025 - 11:22 AM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਆਸਿਫ ਵਾਲਾ ਦੇ ਬੱਚਿਆਂ ਨੂੰ ਆਈਲੈਟਸ ਪੜ੍ਹਾਉਣ ਵਾਲੇ 29 ਸਾਲਾ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਇਸ ਘਟਨਾ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਬਠਿੰਡਾ ਦੇ ਮਨੀ ਰੰਧਾਵਾ, ਸੁਨੀਲ ਮਲੋਟ, ਰਾਜਬੀਰ ਉਰਫ਼ ਪਤਰਸ ਵਾਸੀ ਸਮਾਣਾ ਅਤੇ ਉਸ ਦੀ ਪਤਨੀ ਅਤੇ ਜੋਬਨਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰਾਜਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੋਸ਼ ਲਾਇਆ ਹੈ ਕਿ ਉਸ ਦਾ ਪੁੱਤਰ ਬੱਚਿਆਂ ਨੂੰ ਆਈਲੈਟਸ ਪੜ੍ਹਾਉਂਦਾ ਸੀ ਅਤੇ ਰਾਜਬੀਰ ਉਰਫ਼ ਪਤਰਸ ਅਤੇ ਉਸ ਦੀ ਪਤਨੀ ਬੱਚਿਆਂ ਨੂੰ ਵਿਦੇਸ਼ ਭੇਜਦੇ ਸਨ। ਸ਼ਿਕਾਇਤਕਰਤਾ ਦਾ ਪੁੱਤਰ ਰਾਜਨਪ੍ਰੀਤ ਉਨ੍ਹਾਂ ਤੋਂ ਬੱਚਿਆਂ ਦੇ ਵੀਜੇ ਲਈ ਫਾਈਲਾਂ ਲਗਵਾਉਂਦਾ ਸੀ ਅਤੇ ਸ਼ਿਕਾਇਤਕਰਤਾ ਦੇ ਪੁੱਤਰ ਰਾਜਨਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਨਾਮਜ਼ਦ ਵਿਅਕਤੀਆਂ ਵੱਲੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਾਰਨ ਰਾਜਨਪ੍ਰੀਤ ਸਿੰਘ ਨੇ 32 ਬੋਰ ਰਿਵਾਲਵਰ ਨਾਲ ਆਪਣੇ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਨਾਮਜ਼ਦ 5 ਵਿਅਕਤੀਆਂ ਖ਼ਿਲਾਫ਼ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
