ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ’ਤੇ ਭਿਆਨਕ ਹਾਦਸਾ: ਬੱਸ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ
Friday, Dec 26, 2025 - 07:53 PM (IST)
ਗੜ੍ਹਸ਼ੰਕਰ, (ਅਮਰੀਕ)- ਹੁਸ਼ਿਆਰਪੁਰ ਰੋਡ 'ਤੇ ਪਿੰਡ ਪਦਰਾਣਾ ਦੇ ਖ਼ਾਬੜਾ ਪੈਲੇਸ ਦੇ ਸਾਹਮਣੇ ਇੱਕ ਬੱਸ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਓਰਵਿਟ ਬੱਸ ਚੰਡੀਗੜ੍ਹ ਤੋਂ ਪਠਾਨਕੋਟ ਵੱਲ ਜਾ ਰਹੀ ਸੀ ਅਤੇ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਚੰਡੀਗੜ੍ਹ ਵੱਲ ਜਾ ਰਹੇ ਇੱਕ ਟਰੱਕ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ।
ਬੱਸ ਦੇ ਕੰਡਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਹੀ ਸਾਈਡ 'ਤੇ ਜਾ ਰਹੇ ਸਨ ਪਰ ਸਾਹਮਣੇ ਤੋਂ ਆ ਰਹੇ ਟਰੱਕ ਨੇ ਗਲਤ ਸਾਈਡ ਤੋਂ ਆ ਕੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਸੜਕ 'ਤੇ ਕਾਫੀ ਨੁਕਸਾਨ ਹੋਇਆ ਹੈ।
ਇਸ ਹਾਦਸੇ ਵਿੱਚ ਟਰੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਜ਼ਖਮੀ ਦੀ ਪਛਾਣ ਹੈਪੀ ਕੁਮਾਰ (ਪੁੱਤਰ ਪਾਲੀ ਰਾਮ, ਵਾਸੀ ਪਿੰਡ ਜੰਡਿਆਲੀ, ਜ਼ਿਲ੍ਹਾ ਜਲੰਧਰ) ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ 'ਤੇ ਪਹੁੰਚ ਗਈ। ਥਾਣਾ ਗੜ੍ਹਸ਼ੰਕਰ ਤੋਂ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਵੱਲੋਂ ਜ਼ਖਮੀ ਟਰੱਕ ਡਰਾਈਵਰ ਨੂੰ ਤੁਰੰਤ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
