ਪੋਸਟਮਾਰਟਮ ''ਚ ਖੁਲਾਸਾ, ਜ਼ਹਿਰ ਦੇ ਕੇ ਮਾਰਿਆ ਸੀ ਨਿਤਿਆ ਨੂੰ

Wednesday, Apr 11, 2018 - 04:14 AM (IST)

ਅੰਮ੍ਰਿਤਸਰ,   (ਸੰਜੀਵ)-   ਅੰਮ੍ਰਿਤਸਰ ਦੇ ਪਾਸ਼ ਇਲਾਕੇ ਆਨੰਦ ਐਵੀਨਿਊ 'ਚ ਸਹੁਰਾ ਘਰ ਵਾਲਿਆਂ ਨੇ ਦਾਜ ਦੀ ਖਾਤਿਰ ਜ਼ਹਿਰ ਦੇ ਕੇ ਨੂੰਹ ਨੂੰ ਬਲੀ ਚੜ੍ਹਾ ਦਿੱਤਾ। ਖੁਲਾਸਾ ਉਸ ਸਮੇਂ ਹੋਇਆ ਜਦੋਂ ਮਰਨ ਵਾਲੀ ਨਿਤਿਆ ਗਰਗ ਦੀ ਪੋਸਟਮਾਰਟਮ ਰਿਪੋਰਟ ਆਈ ਅਤੇ ਉਸ ਵਿਚ ਮਰਨ ਦਾ ਕਾਰਨ ਸਲਫਾਸ ਦੱਸਿਆ ਗਿਆ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮ੍ਰਿਤਕਾ ਦੇ ਭਰਾ ਹਰਸ਼ੁਲ ਗਰਗ ਵਾਸੀ ਪਟਿਆਲਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਤੁਲ ਗੁਪਤਾ, ਸਹੁਰਾ ਪ੍ਰਵੀਨ ਗੁਪਤਾ, ਸੱਸ ਅੰਕਿਤਾ ਗੁਪਤਾ ਵਾਸੀ ਆਨੰਦ ਐਵੀਨਿਊ, ਜੇਠ ਮੁਨੀਸ਼ ਗੁਪਤਾ, ਜਠਾਣੀ ਦੀਪਾਲੀ ਗੁਪਤਾ ਵਾਸੀ ਦਿੱਲੀ ਤੇ ਨਣਾਨ ਮੀਤਾ ਵਿਰੁੱਧ ਦਾਜ ਤੇ ਹੱਤਿਆ ਦਾ ਕੇਸ ਦਰਜ ਕਰ ਕੇ ਪਤੀ ਅਤੇ ਸੱਸ-ਸਹੁਰਾ ਨੂੰ ਗ੍ਰਿਫਤਾਰ ਕਰ ਲਿਆ।
ਹਰਸ਼ੁਲ ਗਰਗ ਅਨੁਸਾਰ 13 ਫਰਵਰੀ ਨੂੰ ਉਸ ਦੀ ਭੈਣ ਨਿਤਿਆ ਦੇ ਸਹੁਰਾ ਘਰੋਂ ਫੋਨ ਆਇਆ ਕਿ ਨਿਤਿਆ ਬਾਥਰੂਮ ਵਿਚ ਡਿੱਗ ਗਈ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਉਹ ਤੁਰੰਤ ਆਪਣੇ ਘਰ ਵਾਲਿਆਂ ਨਾਲ ਅੰਮ੍ਰਿਤਸਰ ਪਹੁੰਚਿਆ ਤੇ ਜਦੋਂ ਹਸਪਤਾਲ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਮ੍ਰਿਤਕ ਹਾਲਤ ਵਿਚ ਸੀ ਤੇ ਉਸ ਦਾ ਸਰੀਰ ਚੀਕ-ਚੀਕ ਕੇ ਇਹ ਕਹਿ ਰਿਹਾ ਸੀ ਕਿ ਉਹ ਮਰੀ ਨਹੀਂ ਸਗੋਂ ਉਸ ਨੂੰ ਮਾਰਿਆ ਗਿਆ ਹੈ। ਨਿਤਿਆ ਦੇ ਸਹੁਰਾ ਘਰ ਵਾਲਿਆਂ ਦੀ ਵਿਰੋਧਤਾ ਦੇ ਬਾਵਜੂਦ ਕਿਸੇ ਤਰ੍ਹਾਂ ਉਸ ਨੇ ਪੁਲਸ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਨਿਤਿਆ ਦੇ ਸਸਕਾਰ ਤੋਂ ਪਹਿਲਾਂ ਉਸ ਦਾ ਪੋਸਟਮਾਰਟਮ ਕਰਵਾਉਣ ਦੀ ਅਰਜ਼ੀ ਦਿੱਤੀ। ਪੁਲਸ ਨੇ ਉਸ ਦੀ ਭੈਣ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕਰਦਿਆਂ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ। ਹੁਣ ਉਸ ਦੀ ਰਿਪੋਰਟ 'ਚ ਇਹ ਸਾਫ਼ ਹੋ ਗਿਆ ਹੈ ਕਿ ਉਸ ਦੀ ਭੈਣ ਨੂੰ ਸਲਫਾਸ ਦੇ ਕੇ ਮਾਰਿਆ ਗਿਆ ਸੀ।
ਜਾਣਕਾਰੀ ਅਨੁਸਾਰ 2011 ਵਿਚ ਪਟਿਆਲਾ ਦੀ ਰਹਿਣ ਵਾਲੀ ਨਿਤਿਆ ਦਾ ਵਿਆਹ ਸਥਾਨਕ ਆਨੰਦ ਐਵੀਨਿਊ ਦੇ ਕੱਪੜਾ ਵਪਾਰੀ ਅਤੁਲ ਗੁਪਤਾ ਨਾਲ ਸਾਰੇ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਮ੍ਰਿਤਕਾ ਦੇ ਭਰਾ ਹਰਸ਼ੁਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਭੈਣ ਦੇ ਵਿਆਹ 'ਚ ਹੈਸੀਅਤ ਤੋਂ ਵੀ ਵੱਧ ਦਾਜ ਦਿੱਤਾ ਸੀ ਪਰ ਵਿਆਹ ਉਪਰੰਤ ਉਸ ਦੀ ਭੈਣ ਨੂੰ ਹੋਰ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕੀਤਾ ਜਾਣ ਲੱਗਾ। ਕਈ ਵਾਰ ਉਸ ਦੀ ਭੈਣ ਨਾਲ ਕੁੱਟ-ਮਾਰ ਵੀ ਹੋਈ ਅਤੇ ਉਹ ਲੋਕ ਉਸ ਦੇ ਸਹੁਰਾ ਘਰ ਵਾਲਿਆਂ ਨੂੰ ਸਮਝਾਉਣ ਲਈ ਅੰਮ੍ਰਿਤਸਰ ਵੀ ਆਉਂਦੇ ਰਹੇ। ਉਸ ਦੀ ਭੈਣ ਨੇ ਵਿਆਹ ਤੋਂ ਬਾਅਦ ਬੇਟੇ ਮਾਹਰ (4) ਨੂੰ ਜਨਮ ਦਿੱਤਾ। 13 ਫਰਵਰੀ ਨੂੰ ਜਦੋਂ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਭੈਣ ਦੀ ਹਾਲਤ ਖ਼ਰਾਬ ਹੈ ਤਾਂ ਉਹ ਪਟਿਆਲਾ ਤੋਂ ਅੰਮ੍ਰਿਤਸਰ ਪਹੁੰਚ ਗਿਆ, ਇਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਹੈ, ਤਦ ਵੀ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਤੇ ਉਹ ਸਮਝ ਰਿਹਾ ਸੀ ਕਿ ਹੋ ਸਕਦਾ ਹੈ ਕਿ ਨਿਤਿਆ ਕੁਦਰਤੀ ਮੌਤ ਮਰੀ ਹੋਵੇ ਪਰ ਉਸ ਨੇ ਉਸ ਦਾ ਪੋਸਟਮਾਰਟਮ ਕਰਵਾ ਕੇ ਕਾਰਨਾਂ ਨੂੰ ਸਪੱਸ਼ਟ ਕਰਨ ਦਾ ਫੈਸਲਾ ਲਿਆ, ਜਿਸ ਵਿਚ ਉਸ ਦੀ ਭੈਣ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਸੀ। ਪਿਛਲੇ 2 ਮਹੀਨਿਆਂ ਤੋਂ ਉਹ ਆਪਣੀ ਭੈਣ ਦੀ ਪੋਸਟਮਾਰਟਮ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਰਿਪੋਰਟ ਵਿਚ ਉਸ ਦੇ ਸਹੁਰਾ ਘਰ ਵਾਲਿਆਂ ਦਾ ਚਿਹਰਾ ਬੇਨਕਾਬ ਹੋਇਆ।
ਕੀ ਕਹਿਣਾ ਹੈ ਪੁਲਸ ਦਾ?
ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਤੀ ਅਤੇ ਸੱਸ-ਸਹੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ।


Related News