ਸੱਥ 'ਚ ਬੈਠਣ 'ਤੇ ਪੈ ਗਿਆ ਰੌਲਾ, ਕੁੱਟ-ਕੁੱਟ ਕੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ

Thursday, Sep 19, 2024 - 11:29 AM (IST)

ਸੱਥ 'ਚ ਬੈਠਣ 'ਤੇ ਪੈ ਗਿਆ ਰੌਲਾ, ਕੁੱਟ-ਕੁੱਟ ਕੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ

ਲੋਹੀਆਂ (ਸੁਭਾਸ਼ ਸੱਦੀ, ਮਨਜੀਤ)- ਲੋਹੀਆਂ ਦੇ ਨੇੜਲੇ ਪਿੰਡ ਬਾਦਸ਼ਾਹਪੁਰ ’ਚ ਸੱਥ ’ਚ ਬੈਠਣ ਤੋਂ ਰੋਕਣ ’ਤੇ ਹੋਈ ਲੜਾਈ ’ਚ 3 ਵਿਅਕਤੀਆਂ ਨੇ ਇਕ ਵਿਅਕਤੀ ਦਾ ਡਾਂਗਾਂ ਮਾਰ-ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (45) ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ। ਬੀਤੀ ਸ਼ਾਮ ਲਗਭਗ 8.30 ਵਜੇ ਘਰੋਂ ਬਾਹਰ ਗਿਆ ਸੀ। ਜਦੋਂ ਤਕਰੀਬਨ 10.30 ਰਾਤ ਨੂੰ ਉਹ ਘਰ ਪੁੱਜਿਆ ਤਾਂ ਖ਼ੂਨ ’ਚ ਲਥਪਥ ਹੋਇਆ ਪਿਆ ਸੀ। ਜਦ ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਉਸ ਦੀ ਇਸ ਹਾਲਤ ਬਾਰੇ ਪੁੱਛਿਆ ਤਾਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਸੱਥ, ਜਿੱਥੇ ਉਸ ਨੂੰ ਅਕਸਰ ਬੈਠਣ ਤੋਂ ਰੋਕਿਆ ਜਾਂਦਾ ਸੀ, ਅੱਜ ਉਸ ਨੂੰ ਫਿਰ ਉੱਥੇ ਬੈਠਣ ਤੋਂ ਰੋਕਿਆ ਗਿਆ ਅਤੇ ਉਸ ਨੂੰ ਦਿਲਬਾਗ ਸਿੰਘ ਉਰਫ਼ ਬਾਗਾ ਪੁੱਤਰ ਉਜਾਗਰ ਸਿੰਘ, ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਅਤੇ ਤੇਜਪਾਲ ਸਿੰਘ ਪੁੱਤਰ ਸੁਲੱਖਣ ਸਿੰਘ ਨੇ ਡਾਂਗਾਂ ਨਾਲ ਕੁੱਟਿਆ। ਬਾਅਦ ’ਚ ਹਰਪ੍ਰੀਤ ਸਿੰਘ ਨੂੰ ਪਾਣੀ ਪਿਆਇਆ ਗਿਆ ਅਤੇ ਪਰਿਵਾਰ ਨੇ ਉਸ ਨੂੰ ਸੁਆ ਦਿੱਤਾ।

ਇਹ ਵੀ ਪੜ੍ਹੋ- ਹਾਏ ਓ ਰੱਬਾ! ਮਾਂ ਤੇ ਦੋ ਜਵਾਨ ਪੁੱਤਾਂ ਦੀਆਂ ਇਕੱਠੇ ਬਲੀਆਂ ਚਿਖਾਵਾਂ, ਬਲਦੇ ਸਿਵੇ ਵੇਖ ਧਾਹਾਂ ਮਾਰ ਰੋਇਆ ਪਿੰਡ

ਸਵੇਰੇ ਜਦ ਹਰਪ੍ਰੀਤ ਸਿੰਘ ਦੀ ਕੁੜੀ ਬਲਦੀਸ਼ ਕੌਰ ਜ਼ਖ਼ਮੀ ਹਰਪ੍ਰੀਤ ਨੂੰ ਉਠਾ ਕੇ ਚਾਹ ਦੇਣ ਗਈ ਤਾਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ’ਤੇ ਮ੍ਰਿਤਕ ਹਰਪ੍ਰੀਤ ਦੇ ਪਰਿਵਾਰ ਨੇ ਉਸ ਦੀ ਮੌਤ ’ਤੇ ਰੌਲਾ ਪਾਇਆ ਅਤੇ ਲੋਕ ਇਕੱਠੇ ਹੋ ਗਏ। ਮ੍ਰਿਤਕ ਦੀ ਬੇਟੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦਿਲਬਾਗ ਸਿੰਘ, ਗੁਰਜੀਤ ਸਿੰਘ ਅਤੇ ਤੇਜਪਾਲ ਸਿੰਘ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਪਿਤਾ ਹਰਪ੍ਰੀਤ ਸਿੰਘ ਦੀ ਸਿਹਤ ਕਮਜ਼ੋਰ ਸੀ ਅਤੇ ਉਹ ਅਕਸਰ ਪਿੰਡ ਦੀ ਸੱਥ ’ਚ ਜਾ ਕੇ ਬੈਠ ਜਾਂਦੇ ਸਨ ਪਰ ਉਕਤ 3 ਵਿਅਕਤੀ ਉਸ ਨੂੰ ਬੈਠਣ ਨਹੀਂ ਦਿੰਦੇ ਸਨ ਅਤੇ ਬੀਤੀ ਰਾਤ ਵੀ ਉਨ੍ਹਾਂ ਤਿੰਨਾਂ ਨੇ ਉਸ ਦੇ ਪਿਤਾ ਨੂੰ ਸੱਥ ’ਚ ਬੈਠਣ ਤੋਂ ਮਨਾ ਕਰਦੇ ਹੋਏ ਮਾਰਨ ਦੀ ਨੀਅਤ ਨਾਲ ਉਸ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਅੱਜ ਉਸ ਦੀ ਮੌਤ ਹੋ ਗਈ। ਬਾਅਦ ’ਚ ਲੋਹੀਆਂ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਪੈ ਗਿਆ ਡਾਕਾ, ਦਿਨ-ਦਿਹਾੜੇ ਲੁੱਟ ਕੇ ਲੈ ਗਏ ਬੈਂਕ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News