ਪਹਿਲਾਂ ਰੇਡ ਕਰ ਕੇ ਸਮੱਗਲਰਾਂ ਨੂੰ ਫੜਦੇ ਸੀ ਪਿਓ-ਪੁੱਤ, ਮੁਨਾਫ਼ਾ ਵੇਖ ਆਪ ਹੀ ਬਣ ਗਏ ਤਸਕਰ
Saturday, Sep 28, 2024 - 12:39 PM (IST)
ਲੁਧਿਆਣਾ (ਜ.ਬ.): ਸ਼ਰਾਬ ਦੇ ਠੇਕਿਆਂ ਦੀ ਰੇਡ ਪਾਰਟੀ ਨਾਲ ਸ਼ਰਾਬ ਦੇ ਸਮੱਗਲਰਾਂ ਨੂੰ ਫੜਨ ਵਾਲੇ ਪਿਓ-ਪੁੱਤ ਸਮੱਗਲਿੰਗ ’ਚ ਵੱਡਾ ਮੁਨਾਫਾ ਦੇਖ ਕੇ ਖੁਦ ਹੀ ਸ਼ਰਾਬ ਸਮੱਗਲਰ ਬਣ ਗਏ। ਕਈ ਵਾਰ ਜੇਲ ਜਾਣ ਤੋਂ ਬਾਅਦ ਮੁਲਜ਼ਮ ਜ਼ਮਾਨਤ ’ਤੇ ਬਾਹਰ ਆ ਕੇ ਵੀ ਸਮੱਗਲਿੰਗ ਦਾ ਧੰਦਾ ਕਰਨ ਲੱਗ ਜਾਂਦੇ ਸਨ।
ਇਹ ਖ਼ਬਰ ਵੀ ਪੜ੍ਹੋ - MP ਗੁਰਮੀਤ ਸਿੰਘ ਮੀਤ ਹੇਅਰ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ
ਹੁਣ ਜਦੋਂ ਦੋਵੇਂ ਮੁਲਜ਼ਮ ਕਾਰ ’ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਜਾ ਰਹੇ ਸਨ ਤਾਂ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਛਾਪਾ ਮਾਰ ਕੇ ਪਿਤਾ ਨੂੰ ਕਾਬੂ ਕਰ ਲਿਆ, ਜਦਕਿ ਪੁੱਤਰ ਮੌਕੇ ਤੋਂ ਫਰਾਰ ਹੋ ਗਿਆ। ਫੜੇ ਗਏ ਮੁਲਜ਼ਮ ਦਾ ਨਾਂ ਸੁਨੀਲ ਕੁਮਾਰ ਉਰਫ ਡੋਡਾ ਹੈ, ਜਦੋਂਕਿ ਉਸ ਦਾ ਲੜਕਾ ਵਰੁਣ ਕੁਮਾਰ ਉਰਫ ਟਿੱਡਾ ਫਰਾਰ ਹੈ। ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਨਰਪਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਉਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋਸ਼ੀ ਪਿਓ-ਪੁੱਤ ਸ਼ਰਾਬ ਦੀ ਸਮੱਗਲਿੰਗ ਦਾ ਧੰਦਾ ਕਰਦੇ ਹਨ, ਜੋ ਕਾਰ ’ਤੇ ਸ਼ਰਾਬ ਸਪਲਾਈ ਕਰਨ ਜਾ ਰਹੇ ਹਨ। ਇਸ ’ਤੇ ਪੁਲਸ ਨੇ ਨਾਕਾਬੰਦੀ ਦੌਰਾਨ ਕਾਰ ਰੋਕ ਕੇ ਸੁਨੀਲ ਨੂੰ ਕਾਬੂ ਕਰ ਲਿਆ, ਜਦਕਿ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉਸ ਦਾ ਲੜਕਾ ਵਰੁਣ ਫਰਾਰ ਹੋ ਗਿਆ।
ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਦਾ ਕਹਿਣਾ ਹੈ ਕਿ ਸੁਨੀਲ ਅਤੇ ਵਰੁਣ ਪਹਿਲਾਂ ਸ਼ਰਾਬ ਦੇ ਠੇਕੇਦਾਰ ਕੋਲ ਰੇਡ ਪਾਰਟੀ ’ਚ ਕੰਮ ਕਰਦੇ ਸਨ। ਉਹ ਸ਼ਰਾਬ ਦੇ ਸਮੱਗਲਰਾਂ ਨੂੰ ਫੜਦੇ ਸਨ ਪਰ ਸਮੱਗਲਿੰਗ ਤੋਂ ਹੋਣ ਵਾਲੀ ਮੋਟੀ ਕਮਾਈ ਨੂੰ ਦੇਖ ਕੇ ਦੋਵਾਂ ਨੂੰ ਲਾਲਚ ਆ ਗਿਆ ਅਤੇ ਫਿਰ ਦੋਵੇਂ ਖੁਦ ਹੀ ਸਮੱਗਲਿੰਗ ਦੇ ਧੰਦੇ ’ਚ ਲੱਗ ਗਏ। ਉਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ ’ਚ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ।
ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਪਿੰਡਾਂ 'ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਲੋਕਾਂ ਨੇ ਜਤਾਇਆ ਰੋਸ (ਵੀਡੀਓ)
ਜ਼ਮਾਨਤ ’ਤੇ ਜੇਲੋਂ ਬਾਹਰ ਆਉਣ ਤੋਂ ਬਾਅਦ ਮੁਲਜ਼ਮਾਂ ਨੇ ਫਿਰ ਤੋਂ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਖਿਲਾਫ ਥਾਣਾ ਸ਼ਿਮਲਾਪੁਰੀ ’ਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਗ੍ਰਿਫ਼ਤਾਰ ਮੁਲਜ਼ਮ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8