ਸੁਲਤਾਨਪੁਰ ਲੋਧੀ : ਵੇਈਂ ’ਚ ਦੋਸਤਾਂ ਨਾਲ ਨਹਾਉਣ ਗਿਆ ਨੌਜਵਾਨ ਭੇਤਭਰੇ ਹਾਲਾਤ ’ਚ ਡੁੱਬਿਆ, ਭਾਲ ਜਾਰੀ
Sunday, Sep 04, 2022 - 11:14 PM (IST)
ਸੁਲਤਾਨਪੁਰ ਲੋਧੀ (ਚੰਦਰ ਮੜੀਆ, ਧੀਰ)-ਸੁਲਤਾਨਪੁਰ ਲੋਧੀ ’ਚ ਐਤਵਾਰ ਸ਼ਾਮ 4 ਵਜੇ ਦੇ ਕਰੀਬ ਜਦੋਂ ਤਿੰਨ ਦੋਸਤ ਪਵਿੱਤਰ ਕਾਲੀ ਵੇਈਂ ’ਚ ਨਹਾਉਣ ਗਏ ਤਾਂ ਉਨ੍ਹਾਂ ’ਚੋਂ ਇਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਕੇ ਭੇਤਭਰੇ ਹਾਲਾਤ ’ਚ ਲਾਪਤਾ ਹੋ ਗਿਆ। ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਸਾਥੀ ਹਰਸਿਮਰਨ ਸਿੰਘ ਸੋਢੀ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਅਮਰੀਕ ਨਗਰ ਸੈਦੋ ਭੁਲਾਣਾ ਆਰ. ਸੀ. ਐੱਫ. ਤੇ ਕੁੰਦਨ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮਾਡਲ ਟਾਊਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਨ੍ਹਾਂ ਦਾ ਦੋਸਤ ਧੀਰਜ ਕੁਮਾਰ ਪੁੱਤਰ ਰਾਮ ਪ੍ਰਕਾਸ਼ ਕਿਸੇ ਕੰਮ ਲਈ ਆਰ. ਸੀ. ਐੱਫ. ਤੋਂ ਸੁਲਤਾਨਪੁਰ ਲੋਧੀ ਆਇਆ ਸੀ।
ਜਿਸ ਦੌਰਾਨ ਪਹਿਲਾਂ ਧੀਰਜ ਆਪਣੇ ਦੋਸਤ ਕੁੰਦਨ ਕੁਮਾਰ ਦੇ ਘਰ ਗਿਆ, ਜਿਸ ਤੋਂ ਬਾਅਦ ਉਹ ਕਿਸੇ ਠੇਕੇਦਾਰ ਤੋਂ ਪੈਸੇ ਲੈਣ ਲਈ ਤਲਵੰਡੀ ਪੁਲ ਨੇੜੇ ਆਇਆ ਸੀ, ਜਿਸ ਤੋਂ ਬਾਅਦ ਧੀਰਜ ਕੁਮਾਰ ਨੇ ਸਾਨੂੰ ਕਿਹਾ ਕਿ ਆਪਾਂ ਸਾਰੇ ਪਵਿੱਤਰ ਕਾਲੀ ਵੇਈਂ ’ਚ ਨਹਾਉਂਦੇ ਹਾਂ ਪਰ ਹਰਸਿਮਰਨ ਸਿੰਘ ਨੇ ਕਿਹਾ ਕਿ ਮੈਂ ਧੀਰਜ ਨੂੰ ਇਨਕਾਰ ਕਰ ਦਿੱਤਾ ਪਰ ਉਹ ਨਾ ਮੰਨਿਆ ਤਾਂ ਅਸੀਂ ਸਾਰੇ ਵੇਈਂ ’ਚ ਨਹਾਉਣ ਲਈ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਨਜ਼ਦੀਕ ਆ ਗਏ ਪਰ ਮੈਂ ਨਹਾਉਣ ਨਹੀਂ ਗਿਆ।
ਇਹ ਖ਼ਬਰ ਵੀ ਪੜ੍ਹੋ : ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ, ਮਾਹੌਲ ਤਣਾਅਪੂਰਨ
ਧੀਰਜ ਤੇ ਕੁੰਦਨ ਨੇ ਪਵਿੱਤਰ ਵੇਈਂ ’ਚ ਨਹਾਉਣ ਲਈ ਡੁੱਬਕੀ ਲਗਾਈ ਤਾਂ ਕੁੰਦਨ ਨਹਾ ਕੇ ਬਾਹਰ ਆ ਗਿਆ ਪਰ ਧੀਰਜ ਨਹੀਂ ਆਇਆ। ਉਨ੍ਹਾਂ ਕਿਹਾ ਕਿ ਧੀਰਜ ਪੁੱਤਰ ਰਾਮ ਪ੍ਰਕਾਸ਼ ਭੇਤਭਰੀ ਹਾਲਤ ’ਚ ਪਾਣੀ ਵਿੱਚ ਡੁੱਬ ਗਿਆ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਚਾਰੇ ਪਾਸੇ ਰੌਲਾ ਪਾਇਆ ਤਾਂ ਮੌਕੇ ’ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸਬ ਇੰਸਪੈਕਟਰ ਜਸਪਾਲ ਸਿੰਘ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਗੋਤਾਖੋਰਾਂ ਦੀ ਤਿੰਨ ਘੰਟੇ ਤੋਂ ਵੱਧ ਕੋਸ਼ਿਸ਼ ਤੋਂ ਬਾਅਦ ਵੀ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਪੁਲਸ ਵੱਲੋਂ ਐੱਸ. ਟੀ. ਆਰ. ਐੱਫ. ਟੀਮ ਨੂੰ ਬੁਲਾਇਆ ਜਾ ਰਿਹਾ ਹੈ।
ਪੁਲਸ ਅਜੇ ਵੀ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਨੂੰ ਲੱਭਣ ’ਚ ਲੱਗੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਯੋਗੇਂਦਰ ਯਾਦਵ ਨੇ SKM ਨੂੰ ਕਿਹਾ ਅਲਵਿਦਾ, ਕਿਸਾਨ ਅੰਦੋਲਨ ’ਚ ਨਿਭਾਈ ਸੀ ਅਹਿਮ ਭੂਮਿਕਾ
10 ਅਕਤੂਬਰ ਨੂੰ ਧੀਰਜ ਦਾ ਵਿਆਹ ਸੀ
ਜਾਣਕਾਰੀ ਦਿੰਦੇ ਹੋਏ ਧੀਰਜ ਦੇ ਪਿਤਾ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਆਰ. ਸੀ. ਐੱਫ. ਨੇੜੇ ਚੌਕੀਦਾਰ ਦਾ ਕੰਮ ਕਰਦਾ ਹੈ ਤੇ ਮੇਰਾ ਲੜਕਾ ਧੀਰਜ ਆਪਣੇ ਦੋਸਤ ਨਾਲ ਠੇਕੇਦਾਰ ਤੋਂ ਪੈਸੇ ਲੈਣ ਲਈ ਘਰੋਂ ਆਇਆ ਸੀ। ਉਨ੍ਹਾਂ ਦੱਸਿਆ ਕਿ ਬਾਅਦ ‘ਚ ਜੋ ਹੋਇਆ, ਉਹ ਮੈਨੂੰ ਨਹੀਂ ਪਤਾ ਤੇ ਮੈਨੂੰ ਪੁਲਸ ਵੱਲੋਂ ਦੱਸਿਆ ਗਿਆ ਕਿ ਤੁਹਾਡਾ ਲੜਕਾ ਪਵਿੱਤਰ ਵੇਈਂ ’ਚ ਨਹਾਉਂਦੇ ਸਮੇਂ ਡੁੱਬ ਗਿਆ ਹੈ। ਉਨ੍ਹਾਂ ਦੱਸਿਆ ਕਿ ਧੀਰਜ ਦਾ 10 ਅਕਤੂਬਰ ਨੂੰ ਵਿਆਹ ਸੀ ਤੇ ਸਾਰੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਲੜਕੇ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰਾ ਲੜਕਾ ਡੁੱਬੇ ਨੂੰ 3 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐੱਸ. ਟੀ. ਐੱਫ. ਦੀ ਟੀਮ ਨੂੰ ਮੌਕੇ ’ਤੇ ਭੇਜਿਆ ਜਾਵੇ ਤੇ ਉਸ ਦੇ ਲੜਕੇ ਦੀ ਭਾਲ ਤੇਜ਼ ਕੀਤੀ ਜਾਵੇ।