10 ਸਾਲਾ ਸਪੈਸ਼ਲ ਚਾਈਲਡ ਨਾਲ ਥੈਰੇਪੀ ਸੈਂਟਰ 'ਚ ਯੌਨ ਸ਼ੋਸ਼ਣ, NRI ਪਿਤਾ ਨੇ ਦੱਸੀ ਸਾਰੀ ਗੱਲ
Friday, Feb 09, 2024 - 02:55 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-24 'ਚ ਵਿਸ਼ੇਸ਼ ਬੱਚਿਆਂ ਦੇ ਇਕ ਥੈਰੇਪੀ ਸੈਂਟਰ 'ਚ 10 ਸਾਲ ਦੇ ਸਪੈਸ਼ਲ ਚਾਈਲਡ ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਦੇ ਐੱਨ. ਆਰ. ਆਈ. ਪਿਤਾ ਨੇ ਸੈਂਟਰ 'ਚ 2 ਸਾਲਾ ਤੋਂ ਰਹਿ ਰਹੇ ਆਪਣੇ ਪੁੱਤਰ ਨਾਲ ਯੌਨ ਸ਼ੋਸ਼ਣ ਹੋਣ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਸਰੀਰਕ ਅਤੇ ਯੌਨ ਸ਼ੋਸ਼ਣ ਦੋਸ਼ਾਂ ਤਹਿਤ ਪੋਸਕੋ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਬੱਚੇ ਨਾਲ ਇਸ ਹਰਕਤ ਦਾ ਪਤਾ ਉਨ੍ਹਾਂ ਨੂੰ ਉਦੋਂ ਲੱਗਾ, ਜਦੋਂ ਵਿਦੇਸ਼ ਤੋਂ ਆ ਕੇ ਬੱਚੇ ਨੂੰ ਕੁੱਝ ਦਿਨ ਲਈ ਘਰ ਲੈ ਕੇ ਆਏ ਸਨ। ਘਰ ਪਹੁੰਚਣ ’ਤੇ ਉਨ੍ਹਾਂ ਵੇਖਿਆ ਕਿ ਪੁੱਤ ਸਹਿਮਿਆ ਹੋਇਆ ਅਤੇ ਅੱਖਾਂ ਤੱਕ ਨਹੀਂ ਮਿਲਾ ਰਿਹਾ ਹੈ। ਉਨ੍ਹਾਂ ਦੇ ਸਾਹਮਣੇ ਕੱਪੜੇ ਨਹੀਂ ਬਦਲ ਰਿਹਾ ਸੀ। ਬੱਚਾ ਗੱਲਬਾਤ ਵੀ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਬੱਚੇ ਦੀ ਮਾਂ ਨੇ ਕੱਪੜੇ ਬਦਲਦੇ ਸਮੇਂ ਉਸਦੇ ਸਰੀਰ ’ਤੇ ਨੀਲ ਅਤੇ ਗੁਪਤ ਅੰਗ 'ਚ ਵੀ ਇਤਰਾਜ਼ਯੋਗ ਨਿਸ਼ਾਨ ਦੇਖੇ, ਜਿਨ੍ਹਾਂ ਨੂੰ ਉਹ ਲੁਕਾ ਰਿਹਾ ਸੀ। ਦੋਸ਼ ਹੈ ਕਿ ਸੈਂਟਰ ਵਿਚ ਕੰਮ ਕਰਨ ਵਾਲੇ ਡਾਕਟਰ ਅਤੇ ਕੁੱਝ ਮੁਲਾਜ਼ਮਾਂ ਨੇ ਬੱਚੇ ਦਾ ਸਰੀਰਕ, ਮਾਨਸਿਕ ਅਤੇ ਯੌਨ ਸ਼ੋਸ਼ਣ ਕੀਤਾ ਹੈ। ਸੈਕਟਰ-11 ਥਾਣਾ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲੱਖਾਂ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ (ਵੀਡੀਓ)
ਪਹਿਲੀ ਫਰਵਰੀ ਨੂੰ ਪੋਰਟਲ ਜ਼ਰੀਏ ਐੱਸ. ਐੱਸ. ਪੀ. ਨੂੰ ਦਿੱਤੀ ਸੀ ਸ਼ਿਕਾਇਤ
ਸੂਤਰਾਂ ਅਨੁਸਾਰ ਐੱਨ. ਆਰ. ਆਈ. ਨੇ ਪਹਿਲੀ ਫਰਵਰੀ ਨੂੰ ਚੰਡੀਗੜ੍ਹ ਪੁਲਸ ਨੂੰ ਆਈ. ਸੀ. ਐੱਮ. ਐੱਸ. ਪੋਰਟਲ ਜ਼ਰੀਏ ਐੱਸ. ਐੱਸ. ਪੀ. ਨੂੰ ਆਪਣੇ 10 ਸਾਲਾ ਪੁੱਤ ਨਾਲ ਹੋਏ ਯੌਨ ਸ਼ੋਸ਼ਣ ਦੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਨੇ ਸ਼ਿਕਾਇਤ 'ਚ ਦੱਸਿਆ ਕਿ ਉਹ ਐੱਨ. ਆਰ. ਆਈ. ਹੈ ਅਤੇ ਆਸਟ੍ਰੇਲੀਆ 'ਚ ਰਹਿੰਦਾ ਹੈ। ਇੱਥੇ ਚੰਡੀਗੜ੍ਹ ਦੇ ਸੈਕਟਰ-11 ਥਾਣਾ ਖੇਤਰ ਵਿਚ ਉਨ੍ਹਾਂ ਦੀ ਕੋਠੀ ਹੈ। ਉਨ੍ਹਾਂ ਦਾ 10 ਸਾਲਾ ਪੁੱਤਰ ਸਪੈਸ਼ਲ ਚਾਈਲਡ ਹੈ। ਵਿਦੇਸ਼ ਵਿਚ ਰਹਿਣ ਅਤੇ ਬੱਚੇ ਦੇ ਸਪੈਸ਼ਲ ਚਾਈਲਡ ਹੋਣ ਕਾਰਨ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਥੈਰੇਪੀ ਸੈਂਟਰ 'ਚ 2 ਸਾਲ ਪਹਿਲਾਂ ਦਾਖ਼ਲ ਕਰਵਾਇਆ ਸੀ ਤੇ ਬੱਚਾ ਸਪੈਸ਼ਲ ਚਿਲਡਰਨ ਸਕੂਲ ਜਾਂਦਾ ਸੀ। ਮਾਪੇ ਅਕਸਰ ਬੱਚੇ ਨੂੰ ਮਿਲਣ ਇੱਥੇ ਆਉਂਦੇ ਸਨ। ਇਸ ਵਾਰ ਮਾਂ ਨੇ ਬੱਚੇ ਨੂੰ ਨਹਾਉਣ ਲਈ ਉਸਦੇ ਕੱਪੜੇ ਉਤਾਰੇ ਤਾਂ ਉਹ ਹੈਰਾਨ ਰਹਿ ਗਈ। ਬੱਚੇ ਦੇ ਪੈਰ ਅਤੇ ਗੁਪਤ ਅੰਗਾਂ ਸਮੇਤ ਸਰੀਰ ਦੇ ਕੁੱਝ ਹੋਰ ਹਿੱਸਿਆਂ ’ਤੇ ਇਤਰਾਜ਼ਯੋਗ ਨਿਸ਼ਾਨ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸਰਕਾਰੀ ਬੱਸਾਂ ਦਾ ਸਫ਼ਰ ਹੋ ਗਿਆ ਔਖਾ, ਮੁਲਾਜ਼ਮਾਂ ਨੇ ਕਰ ਦਿੱਤਾ ਵੱਡਾ ਐਲਾਨ
ਸੈਂਟਰ ਸੰਚਾਲਕਾਂ ਨੇ ਚੁੱਪ ਧਾਰੀ
ਬੱਚੇ ਨਾਲ ਇਸ ਹਰਕਤ ਦੇ ਮੁੱਦੇ ’ਤੇ ਸੈਂਟਰ ਨੇ ਚੁੱਪ ਧਾਰੀ ਹੋਈ ਹੈ। ਦੋਸ਼ਾਂ ਅਤੇ ਪੁਲਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਸਬੰਧੀ ਸੈਂਟਰ ਵਿਖੇ ਪਹੁੰਚ ਕੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਮੁਲਾਜ਼ਮਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਕ ਮਹਿਲਾ ਮੁਲਾਜ਼ਮ ਨੇ ਡਾਇਰੈਕਟਰ ਨਾਲ ਗੱਲ ਕਰਵਾਉਣ ਲਈ ਫੋਨ ਕੀਤਾ, ਜੋ ਕੋ-ਆਰਡੀਨੇਸ਼ਨ ਟੀਮ ਦੀ ਇਕ ਹੋਰ ਔਰਤ ਨੇ ਚੁੱਕਿਆ। ਇਸ ਦੌਰਾਨ ਉਕਤ ਔਰਤ ਨੇ ਡਾਇਰੈਕਟਰ ਦੇ ਮਸਰੂਫ ਹੋਣ ਦੀ ਗੱਲ ਕਹਿੰਦਿਆਂ ਮੋਬਾਇਲ ਨੰਬਰ ਲੈ ਕੇ ਮਾਮਲੇ ਸਬੰਧੀ ਉਨ੍ਹਾਂ ਨੂੰ ਸੂਚਿਤ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਮਹਿਲਾ ਮੁਲਾਜ਼ਮ ਦੇ ਨੰਬਰ ’ਤੇ ਦੁਬਾਰਾ ਗੱਲਬਾਤ ਦੌਰਾਨ ਡਾਇਰੈਕਟਰ ਨਾਲ ਸੰਪਰਕ ਕਰਨ ਦੀ ਗੱਲ ਕਹੀ ਪਰ ਰਾਤ 11 ਵਜੇ ਤੱਕ ਨਾ ਤਾਂ ਡਾਇਰੈਕਟਰ ਨੇ ਫੋਨ ਕੀਤਾ ਅਤੇ ਨਾ ਹੀ ਪੱਖ ਰੱਖਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8